ਗੁਰਬਖਸ਼ਪੁਰੀ
ਤਰਨ ਤਾਰਨ, 15 ਜਨਵਰੀ
ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਅੰਬਾਂ ਵਾਲਾ ਬਾਗ਼ ਦੇ ਰਸਤੇ ਉੱਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ ਵਰਤੇ ਜਾਣ ਵਾਲੇ ਮਟੀਰੀਅਲ ਦੇ ਮਿਆਰ ਤੇ ਆਬਾਦੀ ਦੇ ਵਸਨੀਕਾਂ ਵਲੋਂ ਇਤਰਾਜ ਕੀਤੇ ਜਾਣ ਕਾਰਨ ਨਗਰ ਕੌਂਸਲ ਵੱਲੋਂ ਕੰਮ ਠੱਪ ਕਰ ਦੇਣ ਨਾਲ ਰਸਤੇ ’ਤੇ ਆਉਂਦੇ-ਜਾਂਦੇ ਲੋਕਾਂ ਲਈ ਮੁਸ਼ਕਲ ਬਣ ਗਈ ਹੈ| ਇਸ ਰਸਤੇ ਦੇ ਅੰਤ ਉੱਤੇ ਸਥਿਤ ਬਾਠ ਐਵੀਨਿਊ ਵਾਸੀਆਂ ਵੱਲੋਂ ਬਣਾਈ ‘ਬਾਠ ਐਵੀਨਿਊ ਵੈਲਫੇਅਰ ਸੁਸਾਇਟੀ‘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਅਤੇ ਇਕ ਹੋਰ ਆਗੂ ਸਟਾਲਿਨਜੀਤ ਸਿੰਘ ਸੰਧੂ ਨੇ ਅੱਜ ਇਥੇ ਦੱਸਿਆ ਕਿ ਸ਼ਹਿਰ ਦੀ ਮੁੱਖ ਸੜਕ ਤੋਂ ਉਨ੍ਹਾਂ ਦੀ ਆਬਾਦੀ ਤੱਕ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਰਸਤੇ ’ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ ਡੇਢ ਮਹੀਨਾਂ ਪਹਿਲਾਂ ਸ਼ੁਰੂ ਕੀਤੇ ਇਸ ਕੰਮ ਵਿੱਚ ਵਰਤੇ ਜਾਣ ਵਾਲੇ ਕਥਿਤ ਘਟੀਆ ਮਟੀਰੀਅਲ ’ਤੇ ਉਨ੍ਹਾਂ ਨੇ ਇਤਰਾਜ ਉਠਾਇਆ ਜਿਸ ਤੋਂ ਪਰੇਸ਼ਾਨ ਹੋ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੋ ਹਫ਼ਤੇ ਪਹਿਲਾਂ ਦਾ ਕੰਮ ਠੱਪ ਕਰ ਦਿੱਤਾ ਹੈ|ਇਸ ਸਬੰਧੀ ਪ੍ਰਸ਼ਾਸ਼ਨ ਦਾ ਪੱਖ ਦੱਸਣ ਲਈ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਸ਼ਰਨਜੀਤ ਕੌਰ ਨੇ ਤਾਂ ਮੋਬਾਇਲ ਤੱਕ ਵੀ ਨਹੀਂ ਉਠਾਇਆ ਜਦਕਿ ਨਗਰ ਨਗਰ ਕੌਸਲ ਦੇ ਜੂਨੀਅਰ ਇੰਜੀਨੀਅਰ (ਜੇ ਈ) ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਣਕਾਰੀ ਇਕੱਤਰ ਕਰਨਗੇ|