ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 4 ਸਤੰਬਰ
ਸ੍ਰੀ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਮਾਰਗ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਲੀਮੈਂਟ ਵਿੱਚ ਇਹ ਮੁੱਦਾ ਰੱਖਿਆ ਗਿਆ ਸੀ ਕਿ ਇਹ ਸੜਕ ਸ੍ਰੀ ਕਰਤਾਰਪੁਰ ਸਾਹਿਬ ਨੂੰ ਜੋੜਦੀ ਹੈ, ਇਸ ਲਈ ਇਸ ਨੂੰ ਚਾਰ ਮਾਰਗੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਅਜਨਾਲਾ ਤੇ ਰਾਜਾਸਾਂਸੀ ਹਲਕਿਆਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਰੋਡ ਉੱਤੇ ਰਮਦਾਸ, ਗੱਗੋਮਾਹਲ ਤੇ ਅਜਨਾਲਾ ਤਿੰਨ ਬਾਈਪਾਸ ਤਿਆਰ ਕੀਤੇ ਜਾਣਗੇ ਜਦ ਕਿ ਇਸ ਰੋਡ ਨੂੰ ਅਟਾਰੀ ਐਕਸਪ੍ਰੈੱਸਵੇਅ ਨਾਲ ਜੋੜਿਆ ਗਿਆ ਹੈ ਜਿਸ ਦਾ ਗੁਰਦੁਆਰਾ ਮੋਰਚਾ ਸਾਹਿਬ (ਹਰਸ਼ਾ ਛੀਨਾ) ਨੇੜੇ ਐਕਸਪ੍ਰੈੱਸਵੇਅ ਜੰਕਸ਼ਨ ਤਿਆਰ ਹੋਵੇਗਾ ਜਿਸ ਨਾਲ ਅਟਾਰੀ ਅਤੇ ਅੰਮ੍ਰਿਤਸਰ ਜਾਣ ਵਾਲਿਆਂ ਨੂੰ ਬਹੁਤ ਵੱਡਾ ਫ਼ਾਇਦਾ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਰੋਡ ਅਕਤੂਬਰ ਨਵੰਬਰ ਤਕ ਬਣ ਕੇ ਤਿਆਰ ਹੋ ਜਾਵੇਗਾ ਜਦਕਿ ਬਾਕੀ ਅਜਨਾਲਾ ਤੋਂ ਅੱਗੇ ਰਮਦਾਸ ਤੱਕ ਜਿਵੇਂ ਜਿਵੇਂ ਜ਼ਮੀਨ ਐਕੁਆਇਰ ਹੋਵੇਗੀ, ਤਿਵੇਂ-ਤਿਵੇਂ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਅਜਨਾਲਾ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਇਸ ਰੋਡ ਨੂੰ ਚਾਰ ਮਾਰਗੀ ਕਰਵਾਉਣਗੇ ਜੋ ਹੁਣ ਇਹ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਤੇ ਜਲਦ ਹੀ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।