ਪੱਤਰ ਪ੍ਰੇਰਕ
ਤਰਨ ਤਾਰਨ, 5 ਅਕਤੂਬਰ
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨ ਤਾਰਨ) ਦੇ ਤਿੰਨ ਰੋਜ਼ਾ ਜੋੜ ਮੇਲੇ ਦੀ ਆਰੰਭਤਾ ਭਲਕੇ ਛੇ ਅਕਤੂਬਰ ਤੋਂ ਹੋ ਰਹੀ ਹੈ| ਇਸ ਸਬੰਧੀ ਇੱਥੇ ਅਖੰਡ ਪਾਠ ਅੱਜ ਸ਼ੁਰੂ ਹੋ ਗਏ ਹਨ। ਸੱਚਖੰਡ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਦੇ ਇਨ੍ਹਾਂ ਪਵਿੱਤਰ ਅਸਥਾਨਾਂ ’ਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਹਰ ਸਾਲ ਨਤਮਸਤਕ ਹੁੰਦੀ ਹੈ। ਜਾਣਕਾਰੀ ਮੁਤਾਬਿਕ ਜੋੜ ਮੇਲੇ ਲਈ ਅਖੰਡ ਪਾਠ ਅੱਜ ਤੋਂ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੇ ਭੋਗ 7 ਅਕਤੂਬਰ ਨੂੰ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ| ਭਲਕੇ ਵੀਰਵਾਰ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੋਂ ਇਲਾਕੇ ਦੇ ਪਿੰਡਾਂ ਤੱਕ ਨਗਰ ਕੀਰਤਨ ਸਜਾਏ ਜਾਣੇ ਹਨ| ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ 7 ਅਕਤੂਬਰ ਤੋਂ ਸ਼ੁਰੂ ਕੀਤੇ ਜਾਣ ਵਾਲੇ ਧਰਮਿਕ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ| 8 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਦਿਨ ਸ਼ਾਮ ਵੇਲੇ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਵਿਚਾਲੇ ਮੈਚ ਕਰਵਾਇਆ ਜਾਵੇਗਾ| ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਸੰਗਤ ਦੀ ਆਮਦ ਨੂੰ ਸੁਖਦ ਬਣਾਉਣ ਲਈ ਰਿਹਾਇਸ਼, ਲੰਗਰ ਆਦਿ ਦੇ ਸੁਚੱਜੇ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਚਾਰ ਚੁਫੇਰੇ ਤੋਂ ਆਉਂਦੀਆਂ ਸੜਕਾਂ ’ਤੇ ਸ਼ਰਧਾਲੂਆਂ ਵਲੋਂ ਰਾਤ-ਦਿਨ ਦੇ ਲੰਗਰ ਸ਼ੁਰੂ ਕੀਤੇ ਗਏ ਹਨ।