ਪੱਤਰ ਪ੍ਰੇਰਕ
ਦਸੂਹਾ, 8 ਅਕਤੂਬਰ
ਇਥੇ ਰੇਤਾ ਬਜਰੀ ਦੇ ਬੇਲਗਾਮ ਹੋਏ ਰੇਟਾਂ ਦੇ ਰੋਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਪੱਪੂ ਸੋਹਲ ਦੀ ਅਗਵਾਈ ਹੇਠ ਬਾਬਾ ਸ਼ਾਤੀਗਿਰੀ ਲੰਗਰ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ। ਪੱਪੂ ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਨਕੇਲ ਪਾਉਣ ਅਤੇ ਲੋਕਾਂ ਨੂੰ ਸਸਤੀ ਉਸਾਰੀ ਸਮੱਗਰੀ ਮੁਹੱਈਆ ਕਰਵਾਉਣ ਦਾ ਵਾਅਦਾ ਹਵਾ ਹੋ ਚੁੱਕਿਆ ਹੈ, ਜਦੋਂਕਿ ਰੇਤਾ ਬਜਰੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਜਿੱਥੇ ਆਮ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ, ਉਥੇ ਉਸਾਰੀ ਖੇਤਰ ਨਾਲ ਜੁੜੇ ਕਾਮਿਆਂ ਨੂੰ ਕੰਮ ਨਾ ਮਿਲਣ ਕਰਕੇ ਆਰਥਿਕ ਮੰਦਹਾਲੀ ਵਿਚੋਂ ਗੁਜਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰੇਤਾ ਬਜਰੀ ਦੇ ਭਾਅ ਕੰਟਰੋਲ ਵਿਚ ਕੀਤੇ ਜਾਣ। ਇਸ ਮੌਕੇ ਮਨਜੀਤ ਸਿੰਘ ਲਾਡੀ, ਲਖਵਿੰਦਰ ਸਿੰਘ ਰਿੰਕੂ, ਗੁਰਮੀਤ ਸਿੰਘ ਬਿੱਲੂ, ਕੁਲਵਿੰਦਰ ਸਿੰਘ ਕਾਕਾ, ਰਾਜ ਕੁਮਾਰ ਸਮੇਤ ਦਿਹਾੜੀਦਾਰ ਮੌਜੂਦ ਸਨ।