ਪੱਤਰ ਪ੍ਰੇਰਕ
ਚੇਤਨਪੁਰਾ,12 ਜੂਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਜਿੱਥੇ ਸੂਬਾ ਭਰ ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ, ਉੱਥੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਚੇਤਨਪੁਰਾ ਤੇ ਪਿੰਡ ਸੰਤੂਨੰਗਲ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਦੇ ਨੀਂਹ ਪੱਥਰ ਰੱਖੇ ਗਏ।
ਇਸ ਮੌਕੇ ਪਿੰਡ ਦੇ ਛੱਪੜ ਨੂੰ ‘ਥਾਪਰ ਮਾਡਲ ਸਕੀਮ’ ਤਹਿਤ ਬਣਾਉਣ ਲਈ 36 ਲੱਖ 84 ਹਜ਼ਾਰ ਦੀ ਰਾਸ਼ੀ, 19 ਲੱਖ 40 ਹਜ਼ਾਰ ਦੀ ਰਾਸ਼ੀ ਨਾਲ ਬਣਨ ਵਾਲੀ ਪਾਰਕ ਤੇ 8 ਲੱਖ ਦੀ ਕੀਮਤ ਨਾਲ ਬਣਨ ਵਾਲੀ ਮਾਡਰਨ ਸੱਥ ਦੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਧਾਲੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਜਿਵੇਂ ਪਹਿਲਾਂ ਅਕਾਲੀ ਤੇ ਕਾਂਗਰਸ ਸਰਕਾਰ ਰਾਜ ਕਰ ਕੇ ਗਈਆਂ ਹਨ ਇਨ੍ਹਾਂ ਵੱਲੋਂ ਸੂਬੇ ਨੂੰ ਲੁੱਟਣ ’ਚ ਕੋਈ ਕਸਰ ਨਹੀਂ ਛੱਡੀ ਗਈ, ਪਰ ‘ਆਪ’ ਸਰਕਾਰ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਹਰ ਪਿੰਡ ਚੋਂ ਵੱਖ-ਵੱਖ ਪ੍ਰਾਜੈਕਟਾਂ ਰਾਹੀਂ ਕੰਮ ਸ਼ੁਰੂ ਕਰਵਾਏ ਜਾ ਚੁੱਕੇ ਹਨ ਬਹੁਤ ਜਲਦੀ ਹੀ ਕੋਈ ਵੀ ਪਿੰਡ ਇਹੋ ਜਿਹਾ ਨਹੀਂ ਰਹੇਗਾ ਜਿਸ ਚੋਂ ਵਿਕਾਸ ਕੰਮ ਨਹੀਂ ਹੋਏ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ ਤੇ ਨਾਜਾਇਜ਼ ਕਬਜ਼ਿਆਂ ਵਾਲੇ ਕਿਸੇ ਵੀ ਛੋਟੇ ਜਾਂ ਵੱਡੇ ਵਿਅਕਤੀ ਨੂੰ ਨਹੀਂ ਬਖਸ਼ੇਗੀ ਤੇ ਜਿਸ ਵੀ ਵਿਅਕਤੀ ਨੇ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨ ਦੱਬੀ ਹੈ ਜੇ ਉਹ ਆਪ ਛੱਡ ਦੇਵੇਗਾ ਤਾਂ ਠੀਕ ਹੈ ਨਹੀਂ ਤਾਂ ਕਾਨੂੰਨੀ ਕਾਰਵਾਈ ਕਰ ਕੇ ਛੁਡਵਾਈ ਜਾਵੇਗੀ।
ਇਸ ਮੌਕੇ ਏ.ਡੀ.ਸੀ. ਰਣਬੀਰ ਸਿੰਘ ਮੂਧਲ, ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਦਫਤਰ ਇੰਚਾਰਜ ਗੁਰਜੰਟ ਸਿੰਘ, ਬੀ.ਡੀ.ਪੀ.ਓ ਮੇਜਰ ਸਿੰਘ, ਐੱਸ. ਡੀ. ਓ. ਹਿਰਦੇਪਾਲ ਸਿੰਘ, ਏ.ਪੀ.ਓ. ਰਣਜੀਤ ਸਿੰਘ, ਪੰਚਾਇਤ ਅਫਸਰ ਬਾਬਾ ਕੁਲਵਿੰਦਰ ਸਿੰਘ, ਜੇ.ਈ. ਰਾਜਦੀਪ ਸਿੰਘ,ਪੀ.ਏ, ਸਰਪੰਚ ਦਲਜੀਤ ਸਿੰਘ, ਮੈਂਬਰ ਭੁਪਿੰਦਰ ਸਿੰਘ, ਸਾਬਕਾ ਮੈਂਬਰ ਬਲਵਿੰਦਰ ਸਿੰਘ, ਬਾਬਾ ਦਲੇਰ ਸਿੰਘ, ਦਿਲਬਾਗ ਸਿੰਘ ਖਤਰਾਏ ਕਲਾਂ, ਪ੍ਰਧਾਨ ਸਵਿੰਦਰ ਸਿੰਘ ਸੈਂਸਰਾ, ਬ੍ਰਹਮ ਸਿੰਘ ਝੰਡੇਰ, ਉਮਰਜੀਤ ਘੂਕੇਵਾਲੀ ,ਬਾਊ ਝੰਡੇਰ ਤੇ ‘ਆਪ’ ਵਾਲੰਟੀਅਰ ਹਾਜ਼ਰ ਸਨ।