ਐਨ ਪੀ ਧਵਨ
ਪਠਾਨਕੋਟ, 18 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਦੇ ਵਿਧਾਨ ਸਭਾ ਚੋਣਾਂ ਸਮੇਂ ਪਠਾਨਕੋਟ ਦੇ ਕੀਤੇ ਗਏ ਦੌਰੇ ਹਲਕੇ ਦੇ ਵੋਟਰਾਂ ਦਾ ਮਨ ਨਹੀਂ ਬਦਲ ਸਕੇ। ਇਸ ਦੇ ਉਲਟ ਬੀਤੀ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਠਾਨਕੋਟ ਵਿਖੇ ਕੱਢੇ ਗਏ ਰੋਡ ਸ਼ੋਅ ਦੌਰਾਨ ਆਪ ਮੁਹਾਰੇ ਜੁੜਿਆ ਲੋਕਾਂ ਦਾ ਇਕੱਠ ਇਸ ਵਾਰ ਹਲਕੇ ਅੰਦਰ ਸਮੀਕਰਨ ਵਿਗੜਨ ਦੇ ਸੰਕੇਤ ਦੇ ਰਿਹਾ ਹੈ। ਇਸ ਇਕੱਠ ਦੇ ਜੁੜਨ ਨਾਲ ਪਠਾਨਕੋਟ ਦੇ ਲੋਕਾਂ ਅੰਦਰ ਚਰਚਾਵਾਂ ਦਾ ਦੌਰ ਗਰਮ ਹੋ ਗਿਆ ਹੈ ਤੇ ਉਨ੍ਹਾਂ ਨੇ ਆਪੋ-ਆਪਣੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਵਿਧਾਨ ਸਭਾ ਹਲਕਾ ਪਠਾਨਕੋਟ ਅੰਦਰ ਹੁਣ ਤੱਕ ਮੁਕਾਬਲਾ ਕਾਂਗਰਸ ਅਤੇ ਭਾਜਪਾ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਹੀ ਹੁੰਦਾ ਆਇਆ ਹੈ। ਸਾਲ 2012 ਅੰਦਰ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨੇ ਸੀਟਾਂ (ਪਠਾਨਕੋਟ, ਭੋਆ ਅਤੇ ਸੁਜਾਨਪੁਰ) ਭਾਜਪਾ ਦੇ ਖਾਤੇ ਵਿੱਚ ਗਈਆਂ ਸਨ। ਜਦ ਕਿ ਸਾਲ 2017 ਦੀਆਂ ਹੋਈਆਂ ਚੋਣਾਂ ਸਮੇਂ ਪਠਾਨਕੋਟ ਅਤੇ ਭੋਆ ਦੀਆਂ ਸੀਟਾਂ ਉਪਰ ਕਾਂਗਰਸ ਦਾ ਕਬਜ਼ਾ ਹੋਇਆ ਤੇ ਸੁਜਾਨਪੁਰ ਸੀਟ ਭਾਜਪਾ ਦੇ ਖਾਤੇ ਵਿੱਚ ਗਈ। 2017 ਦੇ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਦੇ ਅਮਿਤ ਵਿੱਜ ਨੇ 56 ਹਜ਼ਾਰ 383, ਭਾਜਪਾ ਦੇ ਅਸ਼ਵਨੀ ਸ਼ਰਮਾ ਨੇ 45 ਹਜ਼ਾਰ 213 ਅਤੇ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਉਰਫ ਰਾਜੂ ਮਹਾਜਨ ਨੇ ਮਹਿਜ਼ 6 ਹਜ਼ਾਰ 36 ਵੋਟਾਂ ਪ੍ਰਾਪਤ ਕੀਤੀਆਂ ਸਨ। ਇਨ੍ਹਾਂ ਚੋਣ ਅੰਕੜਿਆਂ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫ 2017 ਦੀਆਂ ਚੋਣਾਂ ਸਮੇਂ ਬਹੁਤ ਹੀ ਨਿਗੁਣਾ ਸੀ ਭਾਵ ਨਾਂਹ ਦੇ ਬਰਾਬਰ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਵਧੇ ਗਰਾਫ ਨੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਠਾਨਕੋਟ ਵਿਚ ਲੋਕਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਜ਼ਿਲ੍ਹੇ ਨੂੰ ਕੀ ਦੇ ਕੇ ਗਏ ਹਨ। ਉਹ ਤਾਂ ਵੱਡੀਆਂ-ਵੱਡੀਆਂ ਸਿਆਸੀ ਗੱਲਾਂ ਕਰਕੇ ਕਾਂਗਰਸ ਨੂੰ ਹੀ ਕੋਸਦੇ ਰਹੇ।