ਗੁਰਬਖ਼ਸ਼ਪੁਰੀ
ਤਰਨ ਤਾਰਨ, 10 ਮਾਰਚ
ਇਕ ਵੇਲੇ ਪੰਥਕ ਖਿੱਤੇ ਵਜੋਂ ਜਾਣੇ ਜਾਂਦੇ ਤਰਨ ਤਾਰਨ ਜ਼ਿਲ੍ਹੇ ਦੀਆਂ ਚਾਰ ਦੀਆਂ ਚਾਰ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ| ਜੇਤੂ ਰਹੇ ਉਮੀਦਵਾਰਾਂ ਵਿੱਚ ਤਰਨ ਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ, ਪੱਟੀ ਤੋਂ ਲਾਲਜੀਤ ਸਿੰਘ, ਖੇਮਕਰਨ ਤੋਂ ਸਰਵਨ ਸਿੰਘ ਧੁੰਨ ਅਤੇ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਦਾ ਨਾਮ ਸ਼ਾਮਲ ਹੈ| ਤਰਨ ਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 13588 ਵੋਟਾਂ ਦੇ ਫਰਕ ਨਾਲ ਹਰਾਇਆ ਹੈ| ਡਾ. ਸੋਹਲ ਨੂੰ ਕੁੱਲ 52935 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 39347 ਟੋਵ ਵੋਟਾਂ ਪਈਆਂ| ਕਾਂਗਰਸ ਦੇ ਉਮੀਦਵਾਰ ਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ 26535 ਵੋਟਾਂ ਲੈ ਕੇ ਤੀਸਰੇ ਸਥਾਨ ’ਤੇ ਰਹੇ ਹਨ| ਭਾਜਪਾ ਉਮੀਦਵਾਰ ਨਵਰੀਤ ਸਿੰਘ ਸਫੀਪੁਰ ਨੂੰ ਮਾਤਰ 1132 ਵੋਟਾਂ ਮਿਲ ਸਕੀਆਂ| ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ 6339 ਅਤੇ ਸੰਯੁਕਤ ਸਮਾਜ ਮੋਰਚਾ ਦੇ ਡਾ. ਸੁਖਮਨਦੀਪ ਸਿੰਘ ਢਿੱਲੋਂ 1299 ਵੋਟਾਂ ਲੈ ਸਕੇ| ਪੱਟੀ ਹਲਕੇ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 10999 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ| ਲਾਲਜੀਤ ਸਿੰਘ ਭੁੱਲਰ ਨੂੰ 57323 ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 46324 ਵੋਟਾਂ ਮਿਲੀਆਂ ਹਨ| ਹਲਕੇ ਤੋਂ ਮੌਜੂਦਾ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ 33009 ਵੋਟਾਂ ਲੈ ਕੇ ਤੀਸਰੇ ਸਥਾਨ ’ਤੇ ਰਹੇ|
ਖਡੂਰ ਸਾਹਿਬ ਤੋਂ ‘ਆਪ’ ਦੇ ਮਨਜਿੰਦਰ ਸਿੰਘ ਸਿੱਧੂ ਨੇ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਨੂੰ 10999 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ| ਮਨਜਿੰਦਰ ਸਿੰਘ ਸਿੱਧੂ ਨੂੰ 57323 ਅਤੇ ਰਮਨਜੀਤ ਸਿੰਘ ਸਿੱਕੀ ਨੂੰ 39265 ਵੋਟਾਂ ਮਿਲੀਆਂ ਹਨ| ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ 38532 ਵੋਟਾਂ ਲੈ ਕੇ ਤੀਸਰੇ ਸਥਾਨ ’ਤੇ ਰਹੇ ਸ਼ਨ| ਹਲਕਾ ਖੇਮਕਰਨ ਤੋਂ ‘ਆਪ’ ਦੇ ਸਰਵਣ ਸਿੰਘ ਧੁੰਨ ਨੇ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ 11882 ਵੋਟਾਂ ਦੇ ਫਰਕ ਨਾਲ ਪਛਾੜਿਆ ਹੈ| ਸਰਵਣ ਸਿੰਘ ਧੁੰਨ ਨੂੰ 64541 ਅਤੇ ਵਿਰਸਾ ਸਿੰਘ ਵਲਟੋਹਾ ਨੂੰ 52659 ਵੋਟਾਂ ਮਿਲੀਆਂ ਹਨ| ਮੌਜਦੂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਸਿਰਫ਼ 28859 ਵੋਟਾਂ ਹੀ ਮਿਲ ਸਕੀਆਂ| ਤਰਨ ਤਾਰਨ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਨਵਰੀਤ ਸਿੰਘ ਸਫ਼ੀਪੁਰ ਨੂੰ ਸਿਰਫ਼ 1132 ਵੋਟਾਂ ਨਾਲ ਹੀ ਸਵਰ ਕਰਨਾ ਪਿਆ| ਤਰਨ ਤਾਰਨ ਤੋਂ ਹੀ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਡਾ. ਸੁਖਮਨਦੀਪ ਸਿੰਘ ਢਿੱਲੋਂ 1299 ਵੋਟਾਂ ਹੀ ਲੈ ਸਕੇ ਹਨ|