ਰਾਜਨ ਮਾਨ
ਮਜੀਠਾ, 26 ਮਈ
ਮੰਡੀਆਂ ਵਿੱਚ ਮੂੰਗੀ ਦਾ ਪੂਰਾ ਮੁੱਲ ਨਾ ਮਿਲਣ , ਕਿਸਾਨਾਂ ਉੱਤੇ ਦਰਜ ਕੇਸ ਵਾਪਸ ਨਾ ਲੈਣ ਅਤੇ ਨਸ਼ਿਆਂ ਦੀ ਭਰਮਾਰ ਵਿਰੁੱਧ ਕਿਸਾਨਾਂ ਨੇ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਡੀਐੱਸਪੀ ਮਜੀਠਾ ਦੇ ਦਫਤਰ ਦੇ ਬਾਹਰ ਧਰਨਾ ਲਾ ਕੇ ਪਿੱਟ ਸਿਆਪਾ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪਿੰਡ ਹਮਜਾ ਵਿੱਚ ਮੂੰਗੀ ਦੀ ਫਸਲ ਦੀ ਹੋ ਰਹੀ ਲੁੱਟ ਅਤੇ ਨਸ਼ਿਆਂ ਦੇ ਮੁੱਦੇ ਉੱਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫ਼ੂਕ ਕੇ ਮੰਗ ਕੀਤੀ ਗਈ ਕਿ ਕਿਸਾਨਾਂ ਦੀ ਹੋਰ ਰਹੀ ਲੁੱਟ ਨੂੰ ਰੋਕਿਆ ਜਾਵੇ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਕਹਿਣ ਵਾਲੀ ਇਸ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਇਨਸਾਫ਼ ਲਈ ਕਈ ਕਈ ਦਿਨ ਸੜਕਾਂ ਉੱਤੇ ਬੈਠਣਾ ਪੈ ਰਿਹਾ ਹੈ। ਉਧਰ ਡੀਐੱਸਪੀ ਮਜੀਠਾ ਅੱਗੇ ਲੱਗਾ ਪੱਕਾ ਮੋਰਚਾ ਅੱਜ ਨੌਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਮੌਕੇ ਹਾਜ਼ਰ ਆਗੂ ਗੁਰਲਾਲ ਸਿੰਘ ਮਾਨ, ਮੁਖਤਾਰ ਸਿੰਘ ਭੰਗਵਾ, ਕਿਰਪਾਲ ਸਿੰਘ ਕਲੇਰ, ਪ੍ਰਤਾਪ ਸਿੰਘ ਹਮਜ਼ਾ, ਗੋਪਾਲ ਸਿੰਘ ਕੋਟਲਾ ਸੁਲਤਾਨ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਕਾਜੀਕੋਟ, ਬਲਵਿੰਦਰ ਸਿੰਘ ਕਲੇਰ, ਖਜ਼ਾਨ ਸਿੰਘ, ਸਰਦੂਲ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ ਆਗੂ ਹਾਜ਼ਰ ਸਨ।