ਐੱਨ.ਪੀ. ਧਵਨ
ਪਠਾਨਕੋਟ, 25 ਅਗਸਤ
ਰਾਵੀ ਦਰਿਆ ਦੇ ਕੰਢੇ ਪਿੰਡ ਮੈਰਾ ਵਿੱਚ ਨਾਜਾਇਜ਼ ਖਣਨ ਧੜੱਲੇ ਨਾਲ ਜਾਰੀ ਹੈ। ਮਾਈਨਿੰਗ ਵਿਭਾਗ ਅਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਛਾਪਾ ਮਾਰ ਕੇ ਉੱਥੇ ਨਾਜਾਇਜ਼ ਖਣਨ ਵਿੱਚ ਲੱਗੀ ਮਸ਼ੀਨਰੀ ਜਿਸ ਵਿੱਚ 8 ਟਰੈਕਟਰ ਤੇ 10 ਟਰਾਲੀਆਂ ਸ਼ਾਮਲ ਹਨ, ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਛਾਪਾਮਾਰ ਟੀਮ ਨੂੰ ਦੇਖਦਿਆਂ ਸਾਰ ਫਰਾਰ ਹੋ ਗਏ। ਪੁਲੀਸ ਨੇ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਨਾਜਾਇਜ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਸਪੱਸ਼ਟ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਅੰਦਰ ਨਾਜਾਇਜ਼ ਮਾਈਨਿੰਗ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਲੋਕ ਨਾਜਾਇਜ਼ ਮਾਈਨਿੰਗ ਦੇ ਇਸ ਧੰਦੇ ਵਿੱਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਉਪ-ਮੰਡਲ ਅਫਸਰ ਕਮ ਮਾਈਨਿੰਗ ਅਧਿਕਾਰੀ ਮੋਹਿਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਤਾਰਾਗੜ੍ਹ ਦੀ ਪੁਲੀਸ ਨੇ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਤਾਰਾਗੜ੍ਹ ਪੁਲੀਸ ਨੂੰ ਮਾਈਨਿੰਗ ਵਿਭਾਗ ਦੇ ਉਪ-ਮੰਡਲ ਗੁਰਦਾਸਪੁਰ ਦੇ ਅਧਿਕਾਰੀ ਮੋਹਿਤ ਸਿੰਘ ਵੱਲੋਂ ਨਾਜਾਇਜ਼ ਮਾਈਨਿੰਗ ਦੀ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਹੈ ਕਿ ਰਾਵੀ ਦਰਿਆ ਵਿੱਚ ਪਿੰਡ ਮੈਰਾਕਲਾਂ ਦੇ ਨਜ਼ਦੀਕ ਕੁਝ ਲੋਕਾਂ ਵੱਲੋਂ ਟਰੈਕਟਰ-ਟਰਾਲੀਆਂ ਵਿੱਚ ਰੇਤ ਭਰੀ ਜਾ ਰਹੀ ਹੈ। ਸੂਚਨਾ ਦੇ ਅਧਾਰ ’ਤੇ ਪੁਲੀਸ ਅਤੇ ਮਾਈਨਿੰਗ ਅਧਿਕਾਰੀ ਰਾਵੀ ਦਰਿਆ ਵਿੱਚ ਦੱਸੀ ਗਈ ਜਗ੍ਹਾ ’ਤੇ ਪੁੱਜੇ। ਇਸ ਦੌਰਾਨ ਪੁਲੀਸ ਨੂੰ ਆਉਂਦਾ ਦੇਖ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਉੱਥੋਂ ਫਰਾਰ ਹੋ ਗਏ ਪਰ ਉਨ੍ਹਾਂ ਦੇ ਟਰੈਕਟਰ-ਟਰਾਲੀ ਉੱਥੇ ਹੀ ਖੜ੍ਹੇ ਰਹਿ ਗਏ। ਇਨ੍ਹਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਥਾਣਾ ਤਾਰਾਗੜ੍ਹ ਦੇ ਸਬ-ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੇ ਨਾਂ ਪਤਾ ਪੁੱਛੇ ਜਾ ਰਹੇ ਹਨ। ਕਬਜ਼ੇ ਵਿੱਚ ਲਏ ਗਏ ਟਰੈਕਟਰ-ਟਰਾਲੀਆਂ ਦੇ ਦਸਤਾਵੇਜ਼ਾਂ ਦੀ ਮਦਦ ਨਾਲ ਉਨ੍ਹਾਂ ਦੇ ਮਾਲਕਾਂ ਅਤੇ ਉਨ੍ਹਾਂ ਨੂੰ ਚਲਾਉਣ ਵਾਲਿਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੱਕ ਹਫਤੇ ਵਿੱਚ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਵਿੱਚ ਨਾਜਾਇਜ਼ ਮਾਈਨਿੰਗ ਦੇ ਕਰੀਬ ਅੱਧਾ ਦਰਜਨ ਮਾਮਲੇ ਦਰਜ ਕਰਕੇ ਕਰੀਬ 2 ਦਰਜਨ ਮੁਲਜ਼ਮਾਂ ਉਪਰ ਕਾਰਵਾਈ ਕੀਤੀ ਗਈ ਹੈ। ਖਾਸ ਤੌਰ ਤੇ ਨਜਾਇਜ਼ ਮਾਈਨਿੰਗ ਦੇ ਜੁਰਮ ਵਿੱਚ ਨਰੋਟ ਜੈਮਲ ਸਿੰਘ ਥਾਣੇ ਦੀ ਪੁਲੀਸ ਵੱਲੋਂ ਕਾਂਗਰਸ ਦੇ ਇੱਕ ਕੌਂਸਲਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।