ਹੋਟਲ ਮਾਲਕ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਹੋਟਲ ਮਾਲਕ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਸੰਜੀਵ ਬਿੰਦਰਾ ਦੀ ਫਾਈਲ ਫੋਟੋ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ,18 ਜੂਨ

ਇਕ ਹੋਟਲ ਦੇ ਭਾਈਵਾਲਾਂ ਵਿਚਕਾਰ ਚੱਲ ਰਹੇ ਆਪਸੀ ਵਿਵਾਦ ਦੌਰਾਨ ਇੱਕ ਭਾਈਵਾਲ ਨੇ ਬੀਤੀ ਰਾਤ ਹੋਟਲ ਦੇ ਇੱਕ ਕਮਰੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਦੀ ਸ਼ਨਾਖਤ ਸੰਜੀਵ ਬਿੰਦਰਾ ਵਜੋ ਹੋਈ ਹੈ। ਪੁਲੀਸ ਨੇ ਇਸ ਸਬੰਧ ਵਿੱਚ ਹੋਟਲ ਦੇ ਦੂਜੇ ਭਾਈਵਾਲ ਰਾਜਨ ਮਲਹੋਤਰਾ ਖਿਲਾਫ਼ ਆਈਪੀਸੀ ਦੀ ਧਾਰਾ 306 ਹੇਠ ਕੇਸ ਦਰਜ ਕਰ ਲਿਆ ਹੈ ਪਰ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀ ਹੋਈ ਹੈ। ਮ੍ਰਿਤਕ ਸੰਜੀਵ ਬਿੰਦਰਾ ਦੀ ਬੇਟੀ ਮ੍ਰਿਦੂਲਾ ਬਿੰਦਰਾ ਨੇ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਪੁਰਾਣੀ ਲੱਕੜ ਮੰਡੀ ਇਲਾਕੇ ਵਿਚ ਓਮ ਸਾਂਈ ਨਾਂਅ ਦਾ ਹੋਟਲ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਪਿਛਲੇ ਦੋ ਮਹੀਨਿਆਂ ਤੋ ਪ੍ਰੇਸ਼ਾਨ ਸਨ । ਉਨ੍ਹਾਂ ਦੱਸਿਆ ਸੀ ਕਿ ਹੋਟਲ ਦਾ ਦੂਜਾ ਭਾਈਵਾਲ ਕਿਸੇ ਢੰਗ ਤਰੀਕੇ ਨਾਲ ਹੋਟਲ ’ਤੇ ਕਬਜਾ ਕਰਨਾ ਚਾਹੁੰਦਾ ਹੈ ਅਤੇ ਉਸ ਨੂੰ ਭਾਈਵਾਲੀ ਵਿੱਚੋਂ ਬਾਹਰ ਕਰਨਾ ਚਾਹੁੰਦਾ ਹੈ । ਉਸ ਨੇ ਦੱਸਿਆ ਕਿ ਕੱਲ੍ਹ ਵੀ ਉਸ ਦੇ ਪਿਤਾ ਪਹਿਲਾ ਵਾਂਗ ਹੋਟਲ ਗਏ ਸਨ ਅਤੇ ਸ਼ਾਮ ਨੂੰ ਮਾਂ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਉਸ ਦੇ ਪਿਤਾ ਨੇ ਹੋਟਲ ਦੇ ਕਮਰੇ ਵਿਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਹ ਪਤਾ ਲੱਗਣ ਮਗਰੋਂ ਉਹ ਤੁਰੰਤ ਹੋਟਲ ਪੁੱਜੀ ਅਤੇ ਆਪਣੇ ਪਿਤਾ ਨੂੰ ਇਕ ਨਿਜੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲੀਸ ਦੇ ਸਹਾਇਕ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਿਲੀ ਸ਼ਿਕਾਇਤ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਛੇਹਰਟਾ ਇਲਾਕੇ ਵਿੱਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਵਿਅਕਤੀ ਦੀ ਸ਼ਨਾਖਤ ਜਸਬੀਰ ਸਿੰਘ ਵਜੋਂ ਹੋਈ ਹੈ। ਥਾਣਾ ਛੇਹਰਟਾ ਦੇ ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਲਾਸ਼ ਪੋੋੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All