ਪਠਾਨਕੋਟ: ਸੈਨਾ ਦੀ ਰਾਈਜ਼ਿੰਗ ਸਟਾਰ ਕੋਰ ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਇਥੇ ਇੱਕ ਸਨਮਾਨ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰ, ਵੀਰਤਾ ਪੁਰਸਕਾਰ ਜੇਤੂ ਅਤੇ ਸਾਬਕਾ ਸੈਨਿਕ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਈਜ਼ਿੰਗ ਸਟਾਰ ਕੋਰ ਦੇ ਜੀਓਸੀ ਨੇ ਕਿਹਾ ਕਿ ਇਸ ਦੇਸ਼ ਦੀ ਆਜ਼ਾਦੀ ਨੂੰ 75 ਸਾਲਾਂ ਤੱਕ ਸਲਾਮਤ ਰੱਖਣ ਦਾ ਸਭ ਤੋਂ ਜ਼ਿਆਦਾ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਇਸ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਵੀਰ ਜਵਾਨਾਂ ਅਤੇ ਦੇਸ਼ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਅਮਰ ਸ਼ਹੀਦਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਬਕਾ ਸੈਨਿਕ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਭਾਰਤੀ ਫੌਜ ਦੀ ਸ਼ਾਨ ਹਨ ਅਤੇ ਉਨ੍ਹਾਂ ਦੇ ਮਾਣ ਸਨਮਾਨ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ। ਅੰਤ ਵਿੱਚ ਵੀਰ ਨਾਰੀਆਂ ਅਤੇ ਵੀਰਤਾ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ