ਨਰਿੰਦਰ ਸਿੰਘ
ਭਿੱਖੀਵਿੰਡ, 24 ਮਾਰਚ
ਸਰਹੱਦੀ ਕਸਬਾ ਖੇਮਕਰਨ ਦੇ ਜੰਮਪਲ ਮਹਿਤਾਬ ਸਿੰਘ ਪੱਤੂ ਜੋ ਕਿ ਫੁਟਬਾਲ ਦੀ ਇੰਡੀਅਨ ਸੁਪਰਲੀਗ ਵਿਚ 2021 ਦੀ ਜੇਤੂ ਟੀਮ ਮੁੰਬਈ ਸਿਟੀ ਐੱਫਸੀ ਦਾ ਹਿੱਸਾ ਸੀ, ਅੱਜ ਆਪਣੇ ਜੱਦੀ ਪਿੰਡ ਖੇਮਕਰਨ ਵਿੱਚ ਪਹੁੰਚਿਆ। ਇਸ ਮੌਕੇ ਇਲਾਕਾ ਵਾਸੀਆ ਵੱਲੋਂ ਅਤੇ ਸੰਤ ਬਾਬਾ ਅਵਤਾਰ ਸਿੰਘ ਘਰਿਆਲਾ ਨੇ ਉਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਹਿਤਾਬ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਪਹੁੰਚਕੇ ਉਹ ਬਹੁਤ ਮਾਨ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਜਿਸ ਖੇਮਕਰਨ ਦੇ ਮੈਦਾਨ ਵਿਚ ਉਹ ਆਪਣੇ ਸਾਥੀਆਂ ਨਾਲ ਫੁਟਬਾਲ ਖੇਡਦਾ ਸੀ ਅੱਜ ਕਸਬਾ ਵਾਸੀਆਂ ਵੱਲੋਂ ਉਸ ਦਾ ਉਥੇ ਹੀ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਪਰਿਵਾਰ ਅਤੇ ਕਲੱਬ ਦੇ ਸਾਥੀਆਂ ਧੰਨਵਾਦ ਕੀਤਾ। ਇਸ ਮੌਕੇ ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਆਲਮ ਪੱਤੂ, ਅੰਮ੍ਰਿਤਬੀਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ, ਪਰਮਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਹਾਜ਼ਰ ਸਨ।
ਅੰਮ੍ਰਿਤਸਰ ਵਿੱਚ ਅੰਤਰ-ਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਇਆ ਜਾਵੇ: ਔਜਲਾ
ਅੰਮ੍ਰਿਤਸਰ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਵਿਚ ਬੋਲਦਿਆਂ ਅੰਮ੍ਰਿਤਸਰ ਲਈ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਉਣ ਦੀ ਮੰਗ ਕਰਦਿਆਂ ਗਾਂਧੀ ਗਰਾਊਂਡ ਅੰਮ੍ਰਿਤਸਰ ਦੀ ਮੁਰੰਮਤ ਅਤੇ ਸਾਂਭ ਸੰਭਾਲ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਲੋਕ ਸਭਾ ਵਿਚ ਕਿਹਾ ਕਿ ਅੰਮ੍ਰਿਤਸਰ ਨੇ ਦੇਸ਼ ਨੂੰ ਕਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਨੇ ਕ੍ਰਿਕਟ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਖਿਡਾਰੀ ਪੈਦਾ ਕਰਕੇ ਦੇਸ਼ ਦਾ ਮਾਣ-ਸਨਮਾਨ ਵਧਾਇਆ। ਔਜਲਾ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇੰਨੇ ਖਿਡਾਰੀ ਪੈਦਾ ਕਰਨ ਦੇ ਬਾਵਜੂਦ ਵੀ ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਇਕ ਵੀ ਅੰਤਰ-ਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਨਹੀਂ ਬਣਾਇਆ ਗਿਆ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਜਾਵੇ।