ਪੱਤਰ ਪ੍ਰੇਰਕ
ਕਾਹਨੂੰਵਾਨ, 9 ਨਵੰਬਰ
ਹਰਚੋਵਾਲ ਖੇਡ ਮੇਲੇ ਦੇ ਦੂਸਰੇ ਦਿਨ ਹਾਕੀ ਗੋਲਡ ਕੱਪ ਲਈ ਚਾਰ ਕਲੱਬਾਂ ਦੇ ਮੁਕਾਬਲੇ ਕਰਵਾਏ ਗਏ।ਬਾਬਾ ਫ਼ਤਹਿ ਸਿੰਘ ਹਾਕੀ ਅਕੈਡਮੀ ਦੇ ਇੰਚਾਰਜ ਰਣਜੋਧ ਸਿੰਘ ਪੱਡਾ ਅਤੇ ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਹਾਕੀ ਗੋਲਡ ਕੱਪ ਦਾ ਆਗਾਜ਼ ਅੰਤਰਰਾਸ਼ਟਰੀ ਹਾਕੀ ਖਿਡਾਰੀ ਗੁਰਸਾਹਿਬ ਸਿੰਘ ਨੇ ਕੀਤਾ। ਇਸ ਮੌਕੇ ਗੁਰਸਾਹਿਬ ਸਿੰਘ ਨੇ ਕਿਹਾ ਕਿ ਉਹ ਵੀ ਪਿੰਡਾਂ ਵਿੱਚੋਂ ਖੇਡਦੇ ਹੋਏ ਮਿਹਨਤ ਅਤੇ ਲਗਨ ਦੇ ਸਿਰ ਉੱਤੇ ਭਾਰਤੀ ਹਾਕੀ ਟੀਮ ਦੇ ਮੈਂਬਰ ਬਣੇ ਅਤੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਿੱਚ ਕਾਮਯਾਬ ਹੋਏ। ਹਾਕੀ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਚਾਹਲ ਹਾਕੀ ਅਕੈਡਮੀ ਚਾਹਲ ਕਲਾਂ ਨੇ ਹਾਕੀ ਅਕੈਡਮੀ ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ ਅਤੇ ਦੂਜੇ ਮੁਕਾਬਲੇ ਵਿੱਚ ਬਾਬਾ ਪੱਲਾ ਹਾਕੀ ਅਕੈਡਮੀ ਬੁਤਾਲਾ ਦੀ ਟੀਮ ਨੇ ਗੁਰੂ ਤੇਗ਼ ਬਹਾਦਰ ਹਾਕੀ ਅਕੈਡਮੀ ਬਾਬਾ ਬਕਾਲਾ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਇਸ ਤੋਂ ਇਲਾਵਾ ਅੰਡਰ 14 ਅਤੇ ਅੰਡਰ 17 ਸਾਲ ਲੜਕਿਆਂ ਦੇ ਅਥਲੈਟਿਕਸ ਮੁਕਾਬਲੇ ਹੋਏ।