ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 3 ਜੁਲਾਈ
ਬੀਤੀ ਰਾਤ ਨੂੰ ਅਚਾਨਕ ਆਏ ਤੇਜ਼ ਹਨੇਰੀ ਝੱਖੜ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਇਲਾਕੇ ਅੰਦਰ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਪਿੰਡ ਪਸਨਾਵਾਲ ਦੇ ਬਾਹਰਵਾਰ ਰਿੰਗ ਰੋਡ ਸੜਕ ਕੰਢੇ ਇਕ ਕਿਸਾਨ ਵੱਲੋਂ ਵਰਾਂਡੇ ’ਤੇ ਪਾਈਆਂ ਟੀਨਾਂ ਉੱਡ ਕੇ ਸੜਕ ਉੱਤੇ ਡਿੱਗਣ ਨਾਲ ਚਕਨਾਚੂਰ ਹੋ ਗਈਆਂ ਅਤੇ ਛੱਤ ਉਪਰ ਟੀਨਾਂ ਵਾਲਾ ਚੈਨਲ ਅਤੇ ਇੱਟਾਂ ਦਾ ਬੰਨੇਰਾ ਵੀ ਉਖੜ ਗਿਆ। ਤੇਜ਼ ਹਨੇਰੀ ਨਾਲ ਪਿੰਡ ਭੁੰਬਲੀ ਵਿਖੇ ਗੁਰਵਿੰੰਦਰ ਸਿੰਘ ਭੁੱਲਰ ਦੇ ਟਿਊਬਵੈੱਲ ਨੇੜੇ ਧਾਰੀਵਾਲ ਰੋਡ ਕਿਨਾਰੇ ਲੱਗਾ ਵੱਡਾ ਰੁੱਖ ਮੁੱਢੋਂ ਉਖੜ ਕੇ ਝੋਨੇ ਦੇ ਖੇਤ ਵਿੱਚ ਡਿੱਗ ਗਿਆ। ਇਸ ਤੋਂ ਇਲਾਵਾ ਵੀ ਇਲਾਕੇ ਪਿੰਡਾਂ ਵਿੱਚ ਤੇਜ਼ ਝੱਖੜ ਨਾਲ ਘਰਾਂ ਦੀਆਂ ਬਿਲਡਿੰਗਾਂ ਉਪਰ ਰੱਖੀਆਂ ਪਾਣੀ ਵਾਲੀਆਂ ਟੈਕੀਆਂ ਆਦਿ ਦਾ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।