ਕੇਪੀ ਸਿੰਘ
ਗੁਰਦਾਸਪੁਰ, 11 ਸਤੰਬਰ
ਇੱਥੋਂ ਦੀ ਗੀਤਾ ਭਵਨ ਰੋਡ ਸਥਿਤ ਇਲੈਕਟ੍ਰੋਨਿਕ ਦੇ ਥੋਕ ਵਪਾਰੀ ਦੇ ਗੁਦਾਮ ਨੂੰ ਤੜਕਸਾਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਗੋਦਾਮ ਦੇ ਉੱਪਰ ਮਾਲਕ ਦੀ ਰਿਹਾਇਸ਼ ਹੈ ਤੇ ਸੁੱਤੇ ਪਰਿਵਾਰ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਪਰ ਫੇਰ ਵੀ ਗੁਦਾਮ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਕਮਲੇਸ਼ ਇਲੈਕਟ੍ਰੋਨਿਕਸ ਦੇ ਮਾਲਕ ਰਜਤ ਮਹਾਜਨ ਨੇ ਦੱਸਿਆ ਕਿ ਉਸ ਦਾ ਪਰਿਵਾਰ ਹਨੂਮਾਨ ਚੌਕ ਤੇਲੀਆਂ ਵਾਲੀ ਗਲੀ ਵਿਖੇ ਰਹਿੰਦਾ ਹੈ ਅਤੇ ਰਿਹਾਇਸ਼ ਦੇ ਥੱਲੇ ਵੱਡੇ ਹਾਲ ਵਿਚ ਉਨ੍ਹਾਂ ਨੇ ਇਲੈਕਟ੍ਰੋਨਿਕਸ ਦਾ ਗੁਦਾਮ ਬਣਾਇਆ ਹੈ। ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਗੁਦਾਮ ਵਿੱਚੋਂ ਧੂੰਆਂ ਨਿਕਲਦਾ ਵੇਖ ਕੇ ਮੁਹੱਲਾ ਨਿਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ। ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਮਸ਼ੱਕਤ ਕਰਕੇ ਕਾਫ਼ੀ ਹੱਦ ਤੱਕ ਅੱਗ ’ਤੇ ਕੰਟਰੋਲ ਕੀਤਾ ਅਤੇ ਰਜਨ ਮਹਾਜਨ ਦੇ ਪਰਿਵਾਰ ਨੂੰ ਸੁਰਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ’ਤੇ ਕਾਬੂ ਪਾ ਲਿਆ।