ਕੇਪੀ ਸਿੰਘ
ਗੁਰਦਾਸਪੁਰ, 25 ਜੂਨ
ਜ਼ਿਲ੍ਹੇ ਦੇ ਕਸਬਾ ਬਹਿਰਾਮਪੁਰ ਵਿੱਚ ਬੀਏਐੱਮਐੱਸ ਦੀ ਹੱਤਿਆ ਕਰਨ ਮਗਰੋਂ ਲਾਸ਼ ਬੋਰੀ ਵਿੱਚ ਬੰਦ ਕਰ ਦਿੱਤੀ ਗਈ। ਲਾਸ਼ ਕਸਬੇ ਵਿਚਲੀ ਦੁਕਾਨ ਵਿੱਚੋਂ ਬਰਾਮਦ ਹੋਈ ਹੈ। ਮਾਮਲਾ ਉਧਾਰ ਦਿੱਤੇ ਪੈਸਿਆਂ ਦੀ ਵਸੂਲੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ, ਜਿਸ ਦੁਕਾਨ ਵਿੱਚੋਂ ਲਾਸ਼ ਬਰਾਮਦ ਹੋਈ, ਪੁਲੀਸ ਨੇ ਉਸ ਦੇ ਮਾਲਕ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮੋਹਿਤ ਨੰਦਾ (39) ਦੀ ਪਤਨੀ ਪੂਨਮ ਨੰਦਾ ਨੇ ਦੱਸਿਆ ਕਿ ਉਸ ਦਾ ਪਤੀ ਬੀਏਐੱਮਐੱਸ ਸੀ ਅਤੇ ਬਹਿਰਾਮਪੁਰ ਵਿੱਚ ਕਲੀਨਿਕ ਚਲਾਉਣ ਦੇ ਨਾਲ ਮਾਰਕੀਟ ਵਿੱਚ ਲੋਕਾਂ ਨੂੰ ਪੈਸੇ ਵੀ ਉਧਾਰ ਦਿੰਦਾ ਸੀ। ਮੋਹਿਤ ਕੋਲੋਂ ਲੱਕੀ ਬੂਟ ਸ਼ਾਪ ਦੇ ਮਾਲਕ ਲਖਵਿੰਦਰ ਪਾਲ ਉਰਫ਼ ਲੱਕੀ ਪੈਸੇ ਉਧਾਰ ਲੈ ਰੱਖੇ ਸਨ ਜਿਸ ਦੀ ਉਹ ਰੋਜ਼ਾਨਾ ਪੰਜ ਸੌ ਰੁਪਏ ਕਿਸ਼ਤ ਦਿੰਦਾ ਸੀ। ਪੂਨਮ ਅਨੁਸਾਰ ਉਸ ਦੀ ਆਪਣੇ ਪਤੀ ਨਾਲ ਵੀਰਵਾਰ ਸ਼ਾਮ 6.30 ਵਜੇ ਗੱਲ ਹੋਈ ਤਾਂ ਮੋਹਿਤ ਨੇ ਦੱਸਿਆ ਕਿ ਉਹ ਲੱਕੀ ਦੀ ਦੁਕਾਨ ’ਤੇ ਪੈਸਿਆਂ ਦੀ ਕਿਸ਼ਤ ਲੈਣ ਆਇਆ ਹੈ। ਉਸ ਨੇ ਦੱਸਿਆ ਕਿ ਮੋਹਿਤ ਰਾਤ 9 ਵਜੇ ਕਲੀਨਿਕ ਬੰਦ ਕਰ ਕੇ ਘਰ ਆ ਜਾਂਦਾ ਹੈ ਪਰ ਵੀਰਵਾਰ ਰਾਤ ਸਮੇਂ ਤੇ ਘਰ ਨਹੀਂ ਪਹੁੰਚਿਆ। ਕਰੀਬ ਸਾਢੇ 9 ਵਜੇ ਉਸ ਨੇ ਮੋਹਿਤ ਨੂੰ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਬੰਦ ਸੀ। ਸੱਸ- ਸਹੁਰਾ ਹੈਦਰਾਬਾਦ ਗਏ ਹੋਣ ਕਾਰਨ ਉਹ ਆਪਣੇ ਚਾਚਾ ਸਹੁਰਾ ਯੁਵਰਾਜ ਨੰਦਾ ਨਾਲ ਪਤੀ ਦੇ ਕਲੀਨਿਕ ਪਹੁੰਚੇ ਜੋ ਖੁੱਲ੍ਹਾ ਸੀ ਪਰ ਮੋਹਿਤ ਉੱਥੇ ਨਹੀਂ ਸੀ। ਉਨ੍ਹਾਂ ਦੁਕਾਨ ਨੇੜੇ ਖੜ੍ਹੇ ਲਖਵਿੰਦਰ ਪਾਲ ਅਤੇ ਅਮਨ ਵਾਸੀ ਪਸਿਆਲ ਤੋਂ ਮੋਹਿਤ ਨੰਦਾ ਬਾਰੇ ਪੁੱਛਿਆ ਤਾਂ ਉਹ ਦੋਵੇਂ ਕੋਈ ਜਵਾਬ ਦਿੱਤੇ ਬਿਨਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਬਹਿਰਾਮਪੁਰ ਅੱਡੇ ਵੱਲ ਚਲੇ ਗਏ। ਦੇਰ ਰਾਤ ਤੱਕ ਉਹ ਮੋਹਿਤ ਦੀ ਭਾਲ ਕਰਦੇ ਰਹੇ। ਤੜਕੇ ਸਾਢੇ ਤਿੰਨ ਵਜੇ ਉਨ੍ਹਾਂ ਦੇਖਿਆ ਕਿ ਲੱਕੀ ਦੀ ਦੁਕਾਨ ਅੰਦਰ ਲਾਈਟ ਜਗ ਰਹੀ ਸੀ ਅਤੇ ਸ਼ਟਰ ਨੂੰ ਤਾਲਾ ਨਹੀਂ ਲੱਗਿਆ ਸੀ। ਉਨ੍ਹਾਂ ਸ਼ੱਕ ਪੈਣ ’ਤੇ ਸ਼ਟਰ ਚੁੱਕ ਕੇ ਅੰਦਰ ਵੇਖਿਆ ਤਾਂ ਪਲਾਸਟਿਕ ਦੀ ਬੋਰੀ ਵਿੱਚ ਲਾਸ਼ ਬੰਨ੍ਹੀ ਹੋਈ ਸੀ ਅਤੇ ਫ਼ਰਸ਼ ਤੇ ਕਾਫ਼ੀ ਖ਼ੂਨ ਡੁੱਲ੍ਹਿਆ ਸੀ। ਪੁਲੀਸ ਸਟੇਸ਼ਨ ਬਹਿਰਾਮਪੁਰ ਵਿੱਚ ਲਖਵਿੰਦਰ ਪਾਲ ਉਰਫ਼ ਲੱਕੀ ਅਤੇ ਅਮਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।