ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 14 ਫਰਵਰੀ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਸਬਾ ਫਤਿਹਗੜ ਚੂੜੀਆਂ ਦੇ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਪੋਲਿੰਗ ਬੂਥਾਂ ’ਤੇ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ, ਜਿਸ ਵਿਚ ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਵੋਟਾਂ ਦਾ ਅਮਲ ਖਤਮ ਹੋਣ ਤੱਕ ਫਤਿਹਗੜ੍ਹ ਚੂੜੀਆਂ ਦੀਆਂ 13 ਵਾਰਡਾਂ ਵਿੱਚ 67.50 ਫੀਸਦ ਵੋਟਾਂ ਪੋਲ ਹੋਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਤੇ ਹੋਰ ਆਗੂਆਂ ਨੇ ਕਥਿਤ ਤੌਰ ‘ਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਸਬੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਅਕਾਲੀ ਦਲ ਦੇ ਪੱਕੇ ਵੋਟਰਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਅਤੇ ਕਈ ਵੋਟਾਂ ਦੂਜੀਆਂ ਵਾਰਡਾਂ ਵਿੱਚ ਬਦਲ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਨੂੰ ਵੋਟਰ ਲਿਸਟਾਂ ਬਦਲ ਕੇ ਦਿੱਤੀਆਂ ਗਈਆਂ ਜੋ ਕਿ ਉਮੀਦਵਾਰਾਂ ਨੂੰ ਦਿੱਤੀਆਂ ਲਿਸਟਾਂ ਨਾਲ਼ੋਂ ਵੱਖਰੀਆਂ ਹਨ। ਇੱਥੇ ਵਾਰਡ ਨੰ: 11 ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਸਮਰਥਕਾਂ ਵਿਚਕਾਰ ਆਪਸੀ ਝਗੜਾ ਹੋਇਆ, ਪਰ ਪੁਲੀਸ ਨੇ ਗੰਭੀਰ ਟਕਰਾਅ ਹੋਣ ਤੋਂ ਬਚਾਅ ਕੀਤਾ।