ਵਰਿੰਦਰ ਸਿੰਘ ਜਾਗੋਵਾਲ
ਕਾਹਨੂੰਵਾਨ, 21 ਦਸੰਬਰ
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਕਾਹਨੂੰਵਾਨ ਛੰਭ ਸਥਿਤ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦਾ ਦੌਰਾ ਕੀਤਾ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਸ਼ਫਾਕ ਅਤੇ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਨੇ ਉਨ੍ਹਾਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਸਬੰਧੀ ਉਨ੍ਹਾਂ ਨੂੰ ਇੱਕ ਦਸਤਾਵੇਜ਼ੀ ਵੀ ਦਿਖਾਈ ਗਈ। ਇਸ ਮੌਕੇ ਰਾਜਪਾਲ ਨੇ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ। ਡੀਸੀ ਨੇ ਦੱਸਿਆ ਕਿ ਗਵਰਨਰ ਇਸ ਸ਼ਹੀਦੀ ਯਾਦਗਾਰ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਇੱਥੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮੈਮੋਰੀਅਲ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਹੁਸ਼ਿਆਰਪੁਰ (ਹਰਪ੍ਰੀਤ ਸਿੰਘ): ਇਸੇ ਤਰ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਹੁਸ਼ਿਆਰਪੁਰ ਵਿੱਚ ਵੀ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਵੈਕਸੀਨੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਗਿਆ ਹੈ, ਤਾਂ ਜੋ ਲਾਭਪਾਤਰੀਆਂ ਨੂੰ ਫਾਇਦਾ ਪਹੁੰਚ ਸਕੇ।
ਪਠਾਨਕੋਟ (ਪੱਤਰ ਪ੍ਰੇਰਕ): ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇਥੇ ਰੈਸਟ ਹਾਊਸ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਗਵਰਨਰ ਨੂੰ ਪਠਾਨਕੋਟ ਦੀਆਂ ਸਰਹੱਦਾਂ, ਟੂਰਿਸਟ ਥਾਵਾਂ ਅਤੇ ਇਤਿਹਾਸਿਕ ਸਥਾਨਾਂ ਤੋਂ ਜਾਣੂੰ ਕਰਵਾਇਆ। ਗਵਰਨਰ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਨੂੰ ਟੂਰਿਜ਼ਮ ਹੱਬ ਬਣਾਉਣ ਦੇ ਨਿਰਦੇਸ਼ ਦਿੱਤੇ।