ਪੱਤਰ ਪ੍ਰੇਰਕ
ਪਠਾਨਕੋਟ, 3 ਨਵੰਬਰ
ਅੱਜ ਇੱਥੇ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪਠਾਨਕੋਟ ਡਿਪੂ ਦੇ ਮੂਹਰੇ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ। ਜਿਸ ਨੂੰ ਸੂਬਾਈ ਆਗੂ ਜੋਗਿੰਦਰ ਪਾਲ, ਡਿਪੂ ਜਰਨਲ ਸਕੱਤਰ ਕਮਲਜੋਤੀ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ। ਸਮੂਹ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਉਹ ਪੰਜਾਬ ਵਿੱਚ ਬਦਲਾਅ ਲੈ ਕੇ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਕੋਈ ਠੇਕਾ ਭਰਤੀ ਨਹੀਂ ਕਰਾਂਗੇ। ਹੁਣ ਵਿਧਾਨ ਸਭਾ ਵਿੱਚ ਵੀ ਬਿਆਨ ਦਿੱਤਾ ਕਿ ਠੇਕੇਦਾਰ (ਵਿਚੋਲੇ) ਬਾਹਰ ਕੱਢਣੇ ਹਨ ਪਰ ਪਨਬੱਸ ਅਤੇ ਦਰਜਾ 3 ਵਿੱਚ ਇਸ ਦੇ ਉਲਟ ਹੋ ਰਿਹਾ ਹੈ। ਠੇਕੇਦਾਰ ਰਾਹੀਂ ਆਊਟਸੋਰਸਿੰਗ ਦੀ ਭਰਤੀ ਜੋ ਕਿ ਬਿਨਾਂ ਡਰਾਈਵਿੰਗ ਟੈਸਟ ਤੇ ਬਿਨਾਂ ਟਰੇਨਿੰਗ ਦੇ ਠੇਕੇਦਾਰ ਰਾਹੀਂ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹੈ ਕਿਉਂਕਿ ਸਰਕਾਰ ਵਾਰ ਵਾਰ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ ਤੇ ਜਿਹੜੇ ਅਧਿਕਾਰੀ, ਮੰਤਰੀ ਮੀਟਿੰਗ ਕਰਦੇ ਹਨ, ਉਹ ਫੈਸਲਾ ਨਹੀਂ ਕਰ ਸਕਦੇ ਤੇ ਜਿਹੜੇ ਫੈਸਲੇ ਹੁੰਦੇ ਹਨ ਉਨ੍ਹਾਂ ਨੂੰ ਬਾਅਦ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਰੋਡਵੇਜ਼ ਵਿੱਚ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ।