ਹਰਜੀਤ ਸਿੰਘ ਪਰਮਾਰ
ਬਟਾਲਾ, 30 ਜੁਲਾਈ
ਥਾਣਾ ਕਿਲ੍ਹਾ ਲਾਲ ਸਿੰਘ ਦੇ ਪਿੰਡ ਦੇ ਪਿੰਡ ਕੋਟ ਮਜਲਸ ਵਿੱਚ ਉਸਾਰੀ ਅਧੀਨ ਘਰ ਦੇ ਸਾਹਮਣੇ ਗਲੀ ਵਿੱਚ ਰੇਹੜੀ ਖੜ੍ਹੀ ਕੀਤੀ ਹੋਣ ਕਾਰਨ ਦੋ ਧਿਰਾਂ ਵਿੱਚ ਤਕਰਾਰ ਹੋ ਗਈ। ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਦੋ ਸਕੇ ਭਰਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੋਵਾਂ ਭਰਾਵਾਂ ਦੀਆਂ ਲੱਤਾਂ ਵਿੱਚ ਲੱਗੀਆਂ। ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਖਮੀਆਂ ਦੀ ਪਛਾਣ ਅਮਰਜੀਤ ਸਿੰਘ ਅਤੇ ਕੰਵਲਜੀਤ ਸਿੰਘ ਵਾਸੀ ਪਿੰਡ ਕੋਟ ਮਜਲਸ ਵਜੋਂ ਹੋਈ ਹੈ। ਹਮਲਾਵਰਾਂ ਨੇ ਚਾਰ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਲੱਤ ਵਿੱਚ ਦੋ ਗੋਲੀਆਂ ਅਤੇ ਦੂਜੇ ਦੀ ਲੱਤ ਵਿੱਚ ਇੱਕ ਗੋਲੀ ਲੱਗੀ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਮੁਰੰਮਤ ਕਰਵਾ ਰਹੇ ਸਨ, ਉਨ੍ਹਾਂ ਕੁਝ ਸਾਮਾਨ ਲਈ ਮੋਟਰਸਾਈਕਲ ਰੇਹੜੀ ਗਲੀ ਵਿੱਚ ਖੜ੍ਹੀ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਰਸਤੇ ਖਾਲੀ ਕਰਨ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਏ ਅਤੇ ਪਿਸਤੌਲ ਨਾਲ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੋਵਾਂ ਦੀਆਂ ਲੱਤਾਂ ਵਿੱਚ ਲੱਗੀਆਂ। ਜ਼ਖ਼ਮੀਆਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਉਹ ਹਮਲਾਵਰਾਂ ਨੂੰ ਨਹੀਂ ਪਛਾਣਦੇ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਮੁਖੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਪਰੰਤ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।