ਪੱਤਰ ਪ੍ਰੇਰਕ
ਅਟਾਰੀ, 22 ਅਗਸਤ
ਬਾਬਾ ਮੀਰਾਂ ਪਾਤਸ਼ਾਹ ਦੀ ਯਾਦ ਵਿੱਚ ਗ੍ਰਾਮ ਪੰਚਾਇਤ ਕੋਹਾਲੀ ਤੇ ਨਗਰ ਨਿਵਾਸੀਆਂ ਵੱਲੋਂ ਕਰਵਾਏ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਪਰਵੀਨ ਕੋਹਾਲੀ ਤੇ ਗੌਰਵ ਮਾਛੀਵਾੜਾ ਦਰਮਿਆਨ ਹੋਈ, ਜੋ 25 ਮਿੰਟਾਂ ਬਾਅਦ ਬਰਾਬਰੀ ’ਤੇ ਛੁਡਵਾਈ ਗਈ। ਹੋਰਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਮੁਕੇਸ਼ ਕੋਹਾਲੀ ਨੇ ਇਰਾਨ ਤੋਂ ਆਏ ਪਹਿਲਵਾਨ ਮਹਿਰਾਬ ਨੂੰ, ਰੌਬਿਨ ਕੋਹਾਲੀ ਨੇ ਸੋਨੂੰ ਸਿਰਸਾ ਨੂੰ, ਬਿੱਲਾ ਕੋਹਾਲੀ ਨੇ ਰੇਜਾ ਇਰਾਨ ਵਾਲੇ ਪਹਿਲਵਾਨ ਦੀ ਪਿੱਠ ਲਗਵਾ ਕੇ ਜਿੱਤ ਦੇ ਝੰਡੇ ਗੱਡੇ। ਇਸੇ ਤਰ੍ਹਾਂ ਸੁਖਮਨ ਕੋਹਾਲੀ ਤੇ ਬਿੱਲੂ ਪੱਟੀ ਦੀ ਕੁਸ਼ਤੀ ਬਰਾਬਰ ਰਹੀ। ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਸਰਪੰਚ ਲਖਬੀਰ ਸਿੰਘ ਕੋਹਾਲੀ, ਫਿਊਚਰ ਪਲਾਨਿੰਗ ਓਵਰਸੀਜ਼ ਦੇ ਮਾਲਕ ਕੁਲਦੀਪ ਸਿੰਘ ਔਲਖ, ਸਾਬਕਾ ਸਰਪੰਚ ਮੰਗਲ ਸਿੰਘ, ਬਲਵਿੰਦਰ ਸਿੰਘ ਪੰਚ, ਬਲਦੇਵ ਸਿੰਘ ਰੱਖ ਕੋਹਾਲੀ, ਪਦਾਰਥ ਪਹਿਲਵਾਨ, ਭਿੱਲਾ ਪਹਿਲਵਾਨ ਆਦਿ ਨੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ। ਕੁਸ਼ਤੀਆਂ ਤੋਂ ਬਾਅਦ ਟਰੈਕਟਰਾਂ ਦੇ ਸਟੰਟ ਵਿਖਾਏ ਗਏ ਅਤੇ ਸ਼ਾਮ ਨੂੰ ਗਾਇਕ ਰਣਜੀਤ ਬਾਵਾ ਦਾ ਅਖਾੜਾ ਲਗਾਇਆ ਗਿਆ। ਇਸ ਮੌਕੇ ਆਪ ਦੇ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਤੇ ਰਾਜਾਸਾਂਸੀ ਤੋਂ ਆਪ ਆਗੂ ਬਲਦੇਵ ਸਿੰਘ ਮਿਆਦੀਆਂ ਨੇ ਵੀ ਸ਼ਿਰਕਤ ਕੀਤੀ।