ਪੱਤਰ ਪ੍ਰੇਰਕ
ਪਠਾਨਕੋਟ, 3 ਜੂਨ
ਘੱਲੂਘਾਰਾ ਹਫਤੇ ਤਹਿਤ ਸੁਜਾਨਪੁਰ ਪੁਲੀਸ ਨੇ ਅੱਜ ਇੱਥੇ ਫਲੈਗ ਮਾਰਚ ਕੱਢਿਆ। ਇਸ ਮੌਕੇ ਡੀਐੱਸਪੀ ਧਾਰਕਲਾਂ ਮੰਗਲ ਸਿੰਘ ਅਤੇ ਸੁਜਾਨਪੁਰ ਦੇ ਥਾਣਾ ਮੁਖੀ ਨਵਦੀਪ ਸ਼ਰਮਾ ਦੀ ਅਗਵਾਈ ਵਿੱਚ ਪੁਲੀਸ ਟੀਮ ਵੱਲੋਂ ਟੈਂਪੂ ਸਟੈਂਡ ਤੋਂ ਸ਼ੁਰੂ ਹੋ ਕੇ ਕੈਨਾਲ ਰੋਡ, ਮੇਨ ਬਾਜ਼ਾਰ, ਐਮਸੀ ਰੋਡ, ਪੁਲ ਨੰਬਰ 5, ਪੁਲ ਨੰਬਰ 4, ਫੂਲ ਪਿਆਰਾ ਰੋਡ ਤੱਕ ਫਲੈਗ ਮਾਰਚ ਕੱਢਿਆ ਗਿਆ।
ਡੀਐੱਸਪੀ ਮੰਗਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਦੇ ਦਿਖਾਈ ਦੇਣ ’ਤੇ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਸ਼ਾਹਕੋਟ (ਪੱਤਰ ਪ੍ਰੇਰਕ): ਪੰਜਾਬ ਵਿੱਚ ਮਨਾਏ ਜਾ ਰਹੇ ਘੱਲੂਘਾਰੇ ਦਿਵਸ ਦੇ ਮੱਦੇਨਜ਼ਰ ਇਲਾਕੇ ਵਿੱਚ ਚੌਕਸੀ ਰੱਖਣ ਦੇ ਮੰਤਵ ਨਾਲ ਸ਼ਾਹਕੋਟ ਪੁਲੀਸ ਵੱਲੋਂ ਸਥਾਨਕ ਕਸਬੇ ਵਿੱਚ ਫਲੈਗ ਮਾਰਚ ਕੀਤਾ ਗਿਆ। ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ. ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਪੰਜਾਬ ਵਿੱਚ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦਿਵਸ ਮਨਾ ਰਹੀਆਂ ਹਨ। ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਅਤੇ ਲੋਕਾਂ ਵਿੱਚ ਪੁਲੀਸ ਦਾ ਵਿਸ਼ਵਾਸ ਪੈਦਾ ਕਰਨ ਦੇ ਮੰਤਵ ਨਾਲ ਉਨ੍ਹਾਂ ਵੱਲੋਂ ਅੱਜ ਫਲੈਗ ਮਾਰਚ ਕੀਤਾ ਗਿਆ ਹੈ। ਐੱਸ.ਐੱਚ.ਓ. ਸ਼ਾਹਕੋਟ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਨਾਗਰਿਕਾਂ ਦੇ ਜਾਨ ਤੇ ਮਾਲ ਦੀ ਹਿਫਾਜ਼ਤ ਕਰਨਾ ਪੁਲੀਸ ਦਾ ਮੁੱਢਲਾ ਫਰਜ਼ ਹੈ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਥਾਣਾ ਮੁਖੀ ਆਦਮਪੁਰ ਅਤੇ ਥਾਣਾ ਮੁਖੀ ਭੋਗਪੁਰ ਦੀ ਅਗਵਾਈ ਹੇਠ ਆਦਮਪੁਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਪੁਲੀਸ ਵੱਲੋਂ ਭੈੜੇ ਅਨਸਰਾਂ ਖ਼ਾਸ ਤੌਰ ’ਤੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਜਿਸ ਅਧੀਨ ਅੱਜ ਅਦਾਮਪੁਰ ਸ਼ਹਿਰ ਵਿੱਚ ਫਲੈਗ ਮਾਰਚ ਕਰਦਿਆਂ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।