ਕੇ.ਪੀ. ਸਿੰਘ
ਗੁਰਦਾਸਪੁਰ, 3 ਮਾਰਚ
ਬੀਤੀ 22 ਦਸੰਬਰ ਨੂੰ ਗੈਸ ਏਜੰਸੀ ਦੇ ਗੁਦਾਮ ਕੀਪਰ ਤੋਂ ਪੌਣੇ ਤਿੰਨ ਲੱਖ ਰੁਪਏ ਲੁੱਟਣ ਵਾਲੇ ਪੰਜ ਮੁਲਜ਼ਮਾਂ ਨੂੰ ਗੁਰਦਾਸਪੁਰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚ ਗੈਸ ਏਜੰਸੀ ਵਿੱਚ ਕੰਮ ਕਰਦਾ ਇੱਕ ਸਾਬਕਾ ਮੁਲਾਜ਼ਮ ਵੀ ਸ਼ਾਮਲ ਹੈ। ਐੱਸ.ਪੀ (ਡੀ) ਮੁਕੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੌਲਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਨੇਣੈਕੋਟ ਨੇ ਥਾਣਾ ਕਾਹਨੂੰਵਾਨ ਦੀ ਪੁਲੀਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਹ ਗੈਸ ਏਜੰਸੀ, ਕਾਹਨੂੰਵਾਨ ਵਿੱਚ ਬਤੌਰ ਗੁਦਾਮ ਕੀਪਰ ਨੌਕਰੀ ਕਰਦਾ ਹੈ। ਉਹ ਡਿਲਿਵਰੀ ਕੀਤੇ ਸਲੰਡਰਾਂ ਦੀ ਰਕਮ ਗੈਸ ਏਜੰਸੀ ਦੇ ਖਾਤੇ ਵਿੱਚ ਜਮਾਂ ਕਰਵਾਉਣ ਲਈ ਸਕੂਟਰ ’ਤੇ ਜਾ ਰਿਹਾ ਸੀ ਤਾਂ ਬਸੰਤਗੜ੍ਹ ਨੇੜੇ ਤਾਂ ਕਾਹਨੂੰਵਾਨ ਸਾਈਡ ਤੋਂ ਇੱਕ ਚਿੱਟੀ ਕਾਰ ਉਸ ਕੋਲ ਆ ਕੇ ਰੁਕੀ ਜਿਸ ਵਿੱਚ 2-3 ਅਣਪਛਾਤੇ ਨੌਜਵਾਨਾਂ ਨੇ ਉੱਤਰ ਕੇ ਉਸ ਨੂੰ ਧੱਕਾ ਮਾਰ ਕੇ ਸਕੂਟਰ ਤੋਂ ਥੱਲੇ ਸੁੱਟ ਦਿੱਤਾ ਤੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਚੱਕ ਸ਼ਰੀਫ਼ ਵੱਲ ਨੂੰ ਭੱਜ ਗਏ।
ਬੈਗ ਵਿੱਚ 2 ਲੱਖ 74 ਹਜ਼ਾਰ 5 ਸੌ 97 ਰੁਪਏ ਸਨ। ਮਾਮਲਾ ਦਰਜ ਕਰਨ ਮਗਰੋਂ ਜਾਂਚ ਟੀਮ ਨੇ ਸਾਈਬਰ ਸੈੱਲ, ਕੰਪਿਊਟਰ ਸੈੱਲ ਅਤੇ ਮਾਹਿਰਾਂ ਨੇ ਮਾਮਲੇ ਦੀ ਤਫ਼ਤੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਘਟਨਾ ਦਾ ਸਰਗਨਾ ਪਰਮਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਥਾਣਾ ਸਿਵਲ ਲਾਾਂਹਨ, ਬਟਾਲਾ ਪਹਿਲਾਂ ਇਸ ਗੈਸ ਏਜੰਸੀ ਵਿੱਚ ਕੰਮ ਕਰਦਾ ਸੀ। ਉਸ ਨੇ ਆਪਣੇ ਸਾਥੀ ਚਰਨਜੀਤ ਸਿੰਘ ਉਰਫ਼ ਜੋਧਾ ਵਾਸੀ ਕੁਤਬੀ ਨੰਗਲ ਬਟਾਲਾ, ਮਨਵਿੰਦਰ ਪ੍ਰੀਤ ਸਿੰਘ ਵਾਸੀ ਸੇਖਵਾਂ ਥਾਣਾ ਫ਼ਤਿਹਗੜ੍ਹ ਚੂੜੀਆਂ, ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਫੈਜਲਾਬਾਦ ਥਾਣਾ ਕਿਲ੍ਹਾ ਲਾਲ ਸਿੰਘ ਤੇ ਦਲਜਿੰਦਰ ਸਿੰਘ ਵਾਸੀ ਦਸਮੇਸ਼ ਨਗਰ ਥਾਣਾ ਸਿਵਲ ਲਾਈਨ, ਬਟਾਲਾ ਨਾਲ ਮਿਲ ਕੇ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਂਚ ਟੀਮ ਨੇ ਉਪਰੋਕਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਵੱਲੋਂ ਵਰਤੀ ਗਈ ਕਾਰ ਅਤੇ ਖੋਹ ਕੀਤੀ ਗਈ ਰਕਮ ਵਿੱਚੋਂ 64 ਹਜ਼ਾਰ 6 ਸੌ ਰੁਪਏ ਦੀ ਬਰਾਮਦ ਕਰ ਲਏ ਹਨ।
ਵਿਅਕਤੀ ਦਾ ਐਕਟਿਵਾ ਚੋਰੀ
ਫਗਵਾੜਾ (ਪੱਤਰ ਪ੍ਰੇਰਕ) ਭੋਗ ’ਤੇ ਗਏ ਵਿਅਕਤੀ ਦੀ ਐਕਟਿਵਾ ਚੋਰੀ ਹੋ ਜਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 379 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਰੋਹਿਤ ਪਾਠਕ ਪੁੱਤਰ ਗੋਪਾਲ ਦਾਸ ਵਾਸੀ ਪਟੇਲ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 1 ਮਾਰਚ ਨੂੰ ਉਹ ਆਪਣੇ ਕਿਸੇ ਦੋਸਤ ਦੀ ਰਸਮ ਪੱਗੜੀ ਸਮਾਗਮ ’ਤੇ ਐਕਟਿਵਾ ਲੈ ਕੇ ਪੰਜ ਮੰਦਰੀ ਗਿਆ ਸੀ ਅਤੇ ਆਪਣੀ ਐਕਟਿਵਾ ਮੰਦਰ ਦੇ ਬਾਹਰ ਖੜ੍ਹੀ ਕਰ ਦਿੱਤੀ। ਜਦੋਂ ਉਹ ਵਾਪਸ ਬਾਹਰ ਆਇਆ ਤਾਂ ਦੇਖਿਆ ਕਿ ਐਕਟਿਵਾ ਗਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕੀਤਾ ਹੈ।