ਦਲਬੀਰ ਸੱਖੋਵਾਲੀਆ
ਬਟਾਲਾ, 18 ਅਪਰੈਲ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ‘ਆਪ’ ਦੇ ਉਮੀਦਵਾਰ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਇੱਥੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੇ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ’ਚ ਉਠਾ ਕੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਜਿਸ ਫਿਲਮੀ ਅਦਾਕਾਰ ਨੂੰ ਜਿਤਾ ਕੇ ਲੋਕ ਸਭਾ ’ਚ ਭੇਜਿਆ ਸੀ, ਉਸ ਨੇ ਨਾ ਲੋਕਾਂ ਨਾਲ ਕੋਈ ਰਾਬਤਾ ਰੱਖਿਆ ਤੇ ਨਾ ਹੀ ਲੋਕ ਸਭਾ ’ਚ ਹਾਜ਼ਰ ਲਗਵਾ ਕੇ ਲੋਕਾਂ ਦੇ ਮੁੱਦੇ ਚੁੱਕੇ। ਫਿਲਮੀ ‘ਨਾਇਕ’ ਨੇ ਲੋਕਾਂ ਨਾਲ ‘ਖਲਨਾਇਕ’ ਵਰਗਾ ਵਿਹਾਰ ਕੀਤਾ ਹੈ। ਸ੍ਰੀ ਕਲਸੀ ਨੇ ਆਖਿਆ ਕਿ ਇੱਥੋਂ ਜੋ ਵੀ ਸੰਸਦ ਮੈਂਬਰ ਬਣੇ ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਖ਼ਾਸਕਰ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੋਕ ਸਭਾ ਵਿੱਚ ਕਦੇ ਨਹੀਂ ਉਠਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਇਹ ਇਲਾਕਾ ਇੱਥੋਂ ਦੀ ਸਨਅਤ ਕਰ ਕੇ ਏਸ਼ੀਆ ਵਿੱਚ ਪ੍ਰਸਿੱਧ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਹਦੀ ਖੇਤਰ ਦੇ ਪਿੰਡਾਂ ਅਤੇ ਛੋਟੇ ਛੋਟੇ ਕਸਬਿਆਂ ਦੇ ਲੋਕ ਆਪਣਾ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ।
ਉਨਾਂ ਕਿਹਾ ਕਿ ਬਟਾਲਾ ਵਾਸੀਆਂ ਨੇ ਉਨ੍ਹਾਂ ’ਤੇ ਯਕੀਨ ਕਰਦਿਆਂ ਵੱਡੀ ਲੀਡ ਨਾਲ ਉਨ੍ਹਾਂ ਨੂੰ ਜਿਤਾ ਕੇ ਵਿਧਾਇਕ ਬਣਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਹਲਕਾ ਬਟਾਲਾ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਹਲਕਾ ਬਟਾਲਾ ਦਾ ਵਿਕਾਸ ਲੋਕਾਂ ਨੂੰ ਦਿਖਾਈ ਦੇਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਨੋਰਥ ਹੀ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦਾ ਨੁਮਾਇੰਦਾ ਹੋਣ ਦੇ ਕਰ ਕੇ ਪਾਰਟੀ ਨੇ ਉਨ੍ਹਾਂ ਡਿਊਟੀ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਲਗਾ ਦਿੱਤੀ ਹੈ ਤੇ ਜੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਦੇ ਹਨ ਤਾਂ ਉਹ ਗੁਰਦਾਸਪੁਰ ਅਤੇ ਪਠਾਨਕੋਟ ਦੇ ਸਮੁੱਚੇ ਵਿਕਾਸ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।