ਪਠਾਨਕੋਟ (ਪੱਤਰ ਪ੍ਰੇਰਕ) ਤਲਾਕ ਲਏ ਬਿਨਾਂ ਧੋਖੇ ਨਾਲ ਵਿਆਹ ਕਰਵਾਉਣ ਦੇ ਦੋਸ਼ ਹੇਠ ਇੱਕ ਲੜਕੀ ਖ਼ਿਲਾਫ਼ ਥਾਣਾ ਸਦਰ ਦੀ ਪੁਲੀਸ ਨੇ ਆਈਪੀਸੀ ਦੀ ਧਾਰਾ 420, 494 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦਾ ਨਾਂ ਰਮਨਦੀਪ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਛੀਨਾ ਬੇਟ ਥਾਣਾ ਪੁਰਾਣਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਪ੍ਰਭਾਤ ਸਿੰਘ ਵਾਸੀ ਪਿੰਡ ਸੁਕਾਲਗੜ੍ਹ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪ੍ਰਭਾਤ ਸਿੰਘ ਨੇ ਪੁਲੀਸ ਕੋਲ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਛੀਨਾ ਬੇਟ ਥਾਣਾ ਪੁਰਾਣਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਪਹਿਲਾਂ ਵਿਆਹ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਬੜੋਏ ਨਾਲ ਹੋਇਆ ਸੀ ਜੋ ਉਸ ਨੇ ਤਲਾਕ ਲਏ ਬਿਨਾਂ ਉਸ ਦੇ ਲੜਕੇ ਗੋਬਿੰਦ ਸਿੰਘ ਨੂੰ ਓਹਲੇ ’ਚ ਰੱਖ ਕੇ ਪਿਛਲੇ ਸਾਲ 11 ਫਰਵਰੀ ਨੂੰ ਵਿਆਹ ਕਰਕੇ ਉਸ ਦੇ ਲੜਕੇ ਨਾਲ 5-6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਤਰ੍ਹਾਂ ਰਮਨਦੀਪ ਕੌਰ ਨੇ ਉਨ੍ਹਾਂ ਨਾਲ ਸੋਚੇ ਸਮਝੇ ਢੰਗ ਨਾਲ ਧੋਖਾਧੜੀ ਕੀਤੀ ਹੈ। ਇਸ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਹੈੱਡਕੁਆਰਟਰ ਲਲਿਤ ਕੁਮਾਰ ਵੱਲੋਂ ਕਰਨ ’ਤੇ ਕਾਨੂੰਨੀ ਰਾਏ ਹਾਸਲ ਕਰਨ ਉਪਰੰਤ ਰਮਨਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।