ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 1 ਨਵੰਬਰ
ਪਿੰਡ ਡੇਹਰਾ ਸਾਹਿਬ ਵਿੱਚ ਖਾਦ ਵਿਕਰੇਤਾ ਵੱਲੋਂ ਕਥਿਤ ਤੌਰ ’ਤੇ ਖਾਦ ਦੀ ਕੀਤੀ ਜਾ ਰਹੀ ਕਾਲਾਬਾਜ਼ਾਰੀ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਦੁਕਾਨਦਾਰ ਖਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਖਾਦ ਸਟੋਰ ਦਾ ਮਾਲਕ ਡੀਏਪੀ ਦੀ ਬੋਰੀ ਜਿਸ ਦੀ ਬਾਜ਼ਾਰੀ ਕੀਮਤ 1200 ਦੇ ਕਰੀਬ ਹੈ ਨੂੰ 1900 ਰੁਪਏ ਬੋਰੀ ਦੇ ਹਿਸਾਬ ਨਾਲ ਵੇਚ ਰਿਹਾ ਹੈ ਅਤੇ ਖਾਦ ਦਾ ਸਟਾਕ ਹੁੰਦੇ ਹੋਏ ਵੀ ਆਮ ਕਿਸਾਨਾਂ ਨੂੰ ਖਾਦ ਦੇਣ ਤੋਂ ਨਾਂਹ ਕਰ ਰਿਹਾ ਹੈ ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਟਾਂਡਾ ਵੱਲੋਂ ਪ੍ਰਦੀਪ ਖੇਤੀ ਸਟੋਰ ਅੱਗੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਕੁਲਦੀਪ ਸਿੰਘ ਭੈਲ, ਬਚਿੱਤਰ ਸਿੰਘ ਨੇ ਕਿਹਾ ਕਿ ਬੀਤੇ ਸਾਲ ਵੀ ਪ੍ਰਦੀਪ ਖੇਤੀ ਸਟੋਰ ਦੇ ਮਾਲਕ ਵੱਲੋਂ ਖਾਦ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆ ਖੇਤੀਬਾੜੀ ਵਿਭਾਗ ਵੱਲੋਂ ਇਸ ਖਾਦ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕਰਵਾਈ ਦਾ ਭਰੋਸਾ ਦੇਣ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ। ਬਲਾਕ ਚੋਹਲਾ ਸਾਹਿਬ ਦੇ ਖੇਤੀਬਾੜੀ ਅਫਸਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪ੍ਰਦੀਪ ਖਾਦ ਸਟੋਰ ਦੀ ਸੇਲ ਰੋਕ ਦਿੱਤੀ ਗਈ ਹੈ। ਵਿਭਾਗ ਦੇ ਅਧਿਕਾਰੀ ਖ਼ੁਦ ਨਿਰਧਾਰਤ ਰੇਟ ’ਤੇ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਣਗੇ।