ਜਗਤਾਰ ਸਿੰਘ ਛਿੱਤ
ਜੈਂਤੀਪੁਰ, 27 ਜੁਲਾਈ
ਪੁਲੀਸ ਥਾਣਾ ਕੱਥੂਨੰਗਲ ਦੇ ਐੱਸਐੱਚਓ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲੀਸ ਚੌਕੀ ਜੈਂਤੀਪੁਰ ਦੇ ਇੰਚਾਰਜ ਜਸਬੀਰ ਸਿੰਘ ਨੇ ਕਾਰਵਾਈ ਕਰਦਿਆਂ ਪਿੰਡ ਕੋਟਲੀ ਢੋਲੇਸ਼ਾਹ ਦੀ ਮਹਿਲਾ ਸਰਪੰਚ ਨਰਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੱਥੂਨੰਗਲ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦੇ ਧੰਦੇ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ’ਤੇ ਪੁਲੀਸ ਚੌਕੀ ਜੈਂਤੀਪੁਰ ਦੇ ਇੰਚਾਰਜ ਜਸਬੀਰ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਕੋਟਲੀ ਢੋਲੇਸ਼ਾਹ ਪਹੁੰਚੇ ਅਤੇ ਕਾਰਵਾਈ ਕਰਦਿਆਂ ਸਰਪੰਚ ਨਰਿੰਦਰ ਕੌਰ ਨੂੰ 400 ਲਿਟਰ ਲਾਹਣ, 20 ਬੋਤਲਾਂ ਸ਼ਰਾਬ ਅਤੇ ਚਾਲੂ ਭੱਠੀ ਦੇ ਸਾਮਾਨ ਸਮੇਤ ਕਾਬੂ ਕਰ ਕੇ ਐਕਸਾਈਜ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪਿੰਡ ਲੇਹਲ ਅਤੇ ਮੁਸਤਫਾਪੁਰ ’ਚੋਂ ਨਾਜਾਇਜ਼ ਸ਼ਰਾਬ ਫੜੀ
ਧਾਰੀਵਾਲ: ਪੁਲੀਸ ਨੇ ਪਿੰਡ ਲੇਹਲ ਅਤੇ ਪਿੰਡ ਮੁਸਤਫਾਪੁਰ ਵਿੱਚ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਫੜੀ ਹੈ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਮੁਖਬਰ ਖਾਸ ਤੋਂ ਮਿਲੀ ਸੂਚਨਾ ’ਤੇ ਸਰਕਲ ਧਾਰੀਵਾਲ ਦੇ ਆਬਕਾਰੀ ਇੰਸਪੈਕਟਰ ਅਜੇ ਕੁਮਾਰ ਅਤੇ ਥਾਣਾ ਧਾਰੀਵਾਲ ਦੇ ਏਐੱਸਆਈ ਏਲੀਆ ਮਸੀਹ ਨੇ ਪੁਲੀਸ ਪਾਰਟੀ ਸਮੇਤ ਪਿੰਡ ਲੇਹਲ ਵਿੱਚ ਬੰਟੀ ਦੇ ਘਰ ਰੇਡ ਮਾਰੀ ਤਾਂ ਉਹ ਪੁਲੀਸ ਨੂੰ ਦੇਖ ਕੇ ਇੱਕ ਕੇਨੀ ਸੁੱਟ ਕੇ ਭੱਜ ਗਿਆ। ਕੇਨੀ ਨੂੰ ਚੈੱਕ ਕਰਨ ’ਤੇ ਉਸ ਵਿੱਚੋਂ 6750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਇਸੇ ਤਰ੍ਹਾਂ ਥਾਣਾ ਘੁੰਮਣ ਕਲਾਂ ਦੇ ਏਐੱਸਆਈ ਕਸ਼ਮੀਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਅਜੇ ਕੁਮਾਰ ਸਰਕਲ ਧਾਰੀਵਾਲ ਨੇ ਪੁਲੀਸ ਪਾਰਟੀ ਸਮੇਤ ਪਿੰਡ ਮੁਸਤਫਾਪੁਰ ਵਿੱਚ ਕੁਲਵੰਤ ਸਿੰਘ ਉਰਫ ਕੰਸਾ ਦੇ ਘਰ ਛਾਪਾ ਮਾਰ ਕੇ ਉਸਨੂੰ 7500 ਐਮ ਐਲ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਖਿਲਾਫ਼ ਪੁਲੀਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ