ਪੱਤਰ ਪ੍ਰੇਰਕ
ਕਾਹਨੂੰਵਾਨ, 21 ਅਗਸਤ
ਪਿੰਡ ਨਾਨੋਵਾਲ ਕਲਾਂ ਵਿੱਚ ਕਿਸਾਨਾਂ ਦੀ ਇਕ ਮੀਟਿੰਗ ਦੌਰਾਨ ਸਰਕਾਰ ਵੱਲੋਂ ਹਰ ਸਾਲ ਪਰਾਲੀ ਪ੍ਰਬੰਧਨ ਲਈ ਸੀਆਰਐੱਮ ਸਕੀਮ ਤਹਿਤ ਮਸ਼ੀਨਾਂ ਉੱਪਰ ਦਿੱਤੀ ਜਾਂਦੀ ਸਬਸਿਡੀ ਉੱਤੇ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਮਸ਼ੀਨਰੀ ਖਰੀਦਣ ਸਮੇਂ ਸਬਸਿਡੀ ਦੇਣ ਦੌਰਾਨ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਮੌਜੂਦਾ ਸਮੇਂ ਵਿਚ ਸੀਆਰਐੱਮ ਸਕੀਮ ਤਹਿਤ ਕਿਸਾਨਾਂ ਕੋਲੋਂ 50 ਫ਼ੀਸਦ ਅਤੇ 80 ਫ਼ੀਸਦ ਸਬਸਿਡੀ ਦੇ ਫਾਰਮ ਭਰਵਾਏ ਪਰ ਕੇਂਦਰ ਸਰਕਾਰ ਨੇ ਨੋਟੀਫ਼ਿਕੇਸ਼ਨ ਕਰਕੇ 80 ਪ੍ਰਤੀਸ਼ਤ ਵਾਲੇ ਕਿਸਾਨ ਗਰੁੱਪਾਂ ਦੀ ਸਬਸਿਡੀ ਬੰਦ ਕਰ ਦਿੱਤੀ। ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿਚ ਵਾਹੁਣ ਲਈ ਮੁੱਖ ਮਸ਼ੀਨ ਸੁਪਰ ਸੀਡਰ ਮੰਨਿਆ ਜਾ ਰਿਹਾ ਹੈ ਪਰ ਜੇਕਰ ਦੇਖਿਆ ਜਾਵੇ ਸਰਕਾਰ ਵਲੋਂ ਸੁਪਰ ਸੀਡਰ ਦੀ ਕੀਮਤ 2,10,000 ਰੁਪਏ ਨਿਰਧਾਰਿਤ ਕੀਤੀ ਹੈ, ਜਿਸ ਦੀ ਸਬਸਿਡੀ ਇਕ ਲੱਖ ਪੰਜ ਹਜ਼ਾਰ ਰੁਪਏ ਦਿੱਤੀ ਜਾਂਦੀ ਹੈ ਪਰ ਮਾਰਕੀਟ ਵਿਚ ਸੁਪਰ ਸੀਡਰ 2,70,000 ਰੁਪਏ ਤੋਂ ਉੱਪਰ ਮਿਲ ਰਹੇ ਹਨ। ਇਸ ਹਿਸਾਬ ਨਾਲ ਕਿਸਾਨਾਂ ਨੂੰ ਪ੍ਰਤੀ ਮਸ਼ੀਨ 50 ਤੋਂ 60 ਹਜ਼ਾਰ ਦਾ ਘਾਟਾ ਪੈ ਰਿਹਾ ਹੈ।