ਪੱਤਰ ਪ੍ਰੇਰਕ
ਧਾਰੀਵਾਲ, 23 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਮਾਝਾ ਅਤੇ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਦੇ ਆਗੂਆਂ ਦਾ ਇਕ ਵਫਦ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਸ਼ੂਗਰ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਡਾ: ਐਸ.ਪੀ. ਸਿੰਘ ਨੂੰ ਮਿਲਿਆ ਅਤੇ ਮਿੱਲ ਸਬੰਧਤ ਮੁਸ਼ਕਲਾਂ ਸਬੰਧੀ ਇਕ ਮੰਗ-ਪੱਤਰ ਦਿੱਤਾ। ਇਸ ਸਬੰਧੀ ਜਥੇਬੰਦੀ ਦੇ ਪ੍ਰੈਸ ਸਕੱਤਰ ਸਤਨਾਮ ਸਿੰਘ ਜਫਰਵਾਲ ਅਤੇ ਰਾਜਿੰਦਰ ਸਿੰਘ ਜਫਰਵਾਲ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਕੇਨ ਐਕਟ ਅਧੀਨ ਗੰਨੇ ਦੀ ਅਦਾਇਗੀ 14 ਦਿਨ ਦੇ ਅੰਦਰ ਯਕੀਨੀ ਬਣਾਈ ਜਾਵੇ, ਜੋ ਹੁਣ ਤੱਕ 46 ਦਿਨ ਤੋਂ ਪਾਰ ਹੋ ਚੁੱਕੀ ਹੈ। ਪਰਚੀ ਕੈਲੰਡਰ ਅਨੁਸਾਰ ਦਿੱਤੀ ਜਾਵੇ ਅਤੇ ਗੇਟ ਏਰੀਏ ਨੂੰ ਪਹਿਲ ਦਿੱਤੀ ਜਾਵੇ ਅਤੇ ਮੌਜੂਦਾ ਯਾਰਡ ਸਿਸਟਮ ਨੂੰ ਠੀਕ ਕੀਤਾ ਜਾਵੇ। ਆਗੂਆਂ ਇਹ ਵੀ ਮੰਗ ਕੀਤੀ ਕਿ ਮਿੱਲ ਵਿੱਚ ਗੰਨਾ ਲੈ ਕੇ ਆਏ ਕਿਸਾਨ ਨੂੰ ਦਸ ਤੋਂ ਬਾਰਾਂ ਘੰਟੇ ਵਿੱਚ ਵਿਹਲਾ ਕੀਤਾ ਜਾਵੇ। ਜਨਰਲ ਮੈਨੇਜਰ ਡਾ. ਐਸ.ਪੀ ਸਿੰਘ ਵਲੋਂ ਕਿਸਾਨ ਆਗੂਆਂ ਨੂੰ ਉੱਕਤ ਮੰਗਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਫ਼ਦ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਝਾ ਦਾ ਪ੍ਰਧਾਨ ਕਵਲਜੀਤ ਸਿੰਘ ਪੰਡੋਰੀ, ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਦਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪਲਵਿੰਦਰ ਸਿੰਘ ਸਹਾਰੀ,ਬਲਾਕ ਪ੍ਰਧਾਨ ਉਲਫ਼ਤ ਸਿੰਘ ਕਾਹਲੋਂ,ਰਾਜਵਿੰਦਰ ਸਿੰਘ, ਸਤਨਾਮ ਸਿੰਘ ਔਲਖ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਸਨ।