ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ ਲਖੀਮਪੁਰ ਖੀਰੀ ਘਟਨਾ ਦੇ ਰੋਸ ਵਜੋਂ ਅੱਜ ਇਥੇ ਸਥਾਨਕ ਹਾਲ ਗੇਟ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਵਾ ਕਰਦਿਆਂ ਭਾਜਪਾ ਆਗੂਆਂ ਦੇ ਪੁਤਲੇ ਸਾੜੇ ਹਨ। ਜਥੇਬੰਦੀਆਂ ਵਲੋਂ ਜ਼ਿਲ੍ਹੇ ਵਿੱਚ ਰਈਆ, ਮਜੀਠਾ ਅਜਨਾਲਾ, ਅਟਾਰੀ, ਚੁਗਾਵਾਂ, ਨਵਾਂ ਪਿੰਡ ਆਦਿ 15 ਵੱਖ ਵੱਖ ਥਾਵਾਂ ਤੇ ਪੁਤਲੇ ਸਾੜੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਬਲਕਾਰ ਦੁਧਾਲਾ, ਧੰਨਵੰਤ ਸਿੰਘ ਖਤਰਾਂਏ ਕਲਾਂ, ਜਸਬੀਰ ਸਿੰਘ ਵਿਰਕ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਸਾਨ ਮੰਗਾਂ ਨੂੰ ਉਭਾਰਿਆ।
ਜਲੰਧਰ (ਪਾਲ ਸਿੰਘ ਨੌਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਰਿੰਦਰ ਮੋਦੀ, ਅਮਿਤ ਸਾਹ, ਯੋਗੀ ਅਦਿੱਤਿਆਨਾਥ ਅਤੇ ਅਡਾਨੀ-ਅੰਬਾਨੀ ਦਾ ਨੂਰਮਹਿਲ ਵਿੱਚ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਸੈਂਕੜੇ ਕਿਸਾਨ ਮਜ਼ਦੂਰ ਨੇ ਨੂਰਮਹਿਲ ਸਰਾਂ ਅੱਗੇ ਰੈਲੀ ਕੀਤੀ ਅਤੇ ਫਿਰ ਸ਼ਹਿਰ ’ਚ ਮਾਰਚ ਕੀਤਾ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੀਆਂ ਫਿਰਕੂ ਚਾਲਾਂ ਨੂੰ ਤਿਲਾਂਜਲੀ ਦੇ ਕੇ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ। ਉਨ੍ਹਾਂ ਮੰਗ ਕੀਤੀ ਕਿ ਲਖੀਮਪੁਰ ’ਚ ਕਿਸਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਨਾਮ ਸਿੰਘ ਤੱਗੜ, ਯੂਥ ਵਿੰਗ ਦੇ ਕਨਵੀਨਰ ਤਰਪ੍ਰੀਤ ਸਿੰਘ ਉੱਪਲ, ਕੋ-ਕਨਵੀਨਰ ਬੂਟਾ ਸਿੰਘ ਸ਼ਾਦੀਪੁਰ, ਹਰਦੀਪ ਸਿੰਘ, ਸੁਰਜੀਤ ਸਿੰਘ ਭਿੰਦਾ, ਬਲਿਹਾਰ ਕੌਰ ਸੈਦੋਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਪੱਬਵਾਂ ਤੇ ਚੰਨਣ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ (ਜਤਿੰਦਰ ਬੈਂਸ): ਰੇਲਵੇ ਸਟੇਸ਼ਨ ਗੁਰਦਾਸਪੁਰ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ’ਤੇ ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ‘ਤੇ ਦਸਹਿਰਾ ਮਨਾਉਂਦਿਆਂ ਮੋਦੀ, ਸ਼ਾਹ ਅਤੇ ਯੋਗੀ ਦਾ ਪੁਤਲਾ ਸਾੜਿਆ ਗਿਆ। ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਇਕ ਵਿਸ਼ਾਲ ਰੈਲੀ ਕਰਨ ਉਪਰੰਤ ਜਲੂਸ ਦੀ ਸ਼ਕਲ ਵਿੱਚ ਕਿਸਾਨ ਮਜ਼ਦੂਰ ਪੁਰਾਣੀ ਦਾਣਾ ਮੰਡੀ ਚੌਕ ਵਿੱਚ ਪਹੁੰਚੇ ਅਤੇ ਤਿੰਨਾਂ ਆਗੂਆਂ ਦੇ ਪੁਤਲੇ ਸਾੜੇ ।
ਪਠਾਨਕੋਟ (ਐੱਨਪੀ ਧਵਨ): ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਲਦਪਾਲਵਾਂ ਟੌਲ ਪਲਾਜ਼ਾ ਉਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕਾਮਰੇਡ ਸੱਤਿਆ ਦੇਵ ਸੈਣੀ, ਕੇਵਲ ਸਿੰਘ ਕੰਗ, ਬਾਵਾ ਸਿੰਘ, ਬਲਵੰਤ ਸਿੰਘ ਘੋਹ, ਸ਼ਿਵ ਕੁਮਾਰ, ਰਘਬੀਰ ਸਿੰਘ, ਮਾਸਟਰ ਗੁਰਦੀਪ ਸਿੰਘ, ਪਿਸ਼ੌਰਾ ਸਿੰਘ, ਮੰਗਤ ਸਿੰਘ ਸੈਣੀ, ਮਾਸਟਰ ਪ੍ਰੇਮ ਸਿੰਘ, ਰਾਜ ਕੁਮਾਰ, ਕੇਵਲ ਕ੍ਰਿਸ਼ਨ, ਵਿਜੇ ਕੁਮਾਰ, ਇਕਬਾਲ ਸਿੰਘ ਆਦਿ ਸ਼ਾਮਲ ਸਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁਤਲੇ ਸਾੜੇ
ਅੰਮਿ੍ਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਇਥੇ ਰਣਜੀਤ ਐਵੀਨਿਊ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਤੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਤੇ ਕਾਰਪੋਰੇਟ ਘਰਾਣਿਆਂ ਦਾ ਇਕ ਸਾਂਝਾ ਵੱਡਾ ਪੁਤਲਾ ਸਾੜਿਆ ਹੈ। ਇਹ ਰੋਸ ਵਿਖਾਵਾ ਲਖੀਮਪੁਰ ਖੀਰੀ ਘਟਨਾ ਵਿਚ ਮਾਰੇ ਗਏ ਕਿਸਾਨਾਂ ਦੇ ਰੋਸ ਵਜੋਂ ਕੀਤਾ ਗਿਆ ਹੈ। ਜਥੇਬੰਦੀ ਵਲੋਂ ਅਜਿਹੇ ਰੋਸ ਵਿਖਾਵੇ ਸੂਬੇ ਦੇ 12 ਜ਼ਿਲਿਆਂ ਵਿੱਚ ਕੀਤੇ ਗਏ ਹਨ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਆਦਿ ਨੇ ਸੰਬੋਧਨ ਕਰਦਿਆਂ ਕਿਸਾਨ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਟ ਕੀਤੀ।