ਰਾਜਨ ਮਾਨ
ਮਜੀਠਾ, 5 ਜੁਲਾਈ
ਕਿਸਾਨਾਂ ਖ਼ਿਲਾਫ਼ ਦਰਜ ਝੂਠੇ ਪਰਚੇ ਰੱਦ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 49 ਦਿਨਾਂ ਤੋਂ ਡੀਐੱਸਪੀ ਮਜੀਠਾ ਦੇ ਦਫ਼ਤਰ ਅੱਗੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਹੁਣ ਹੱਲਾ ਬੋਲ ਐਕਸ਼ਨ ਕਰਨ ਦਾ ਮਨ ਬਣਾਇਆ ਹੈ। ਪਿਛਲੇ 49 ਦਿਨਾਂ ਤੋਂ ਕਹਿਰ ਦੀ ਗਰਮੀ ਵਿੱਚ ਬੈਠੇ ਕਿਸਾਨ ਸਰਕਾਰ ਨੂੰ ਕੋਸ ਰਹੇ ਹਨ ਅਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਧਰਨਾਕਾਰੀਆਂ ਦੀ ਸਾਰ ਨਹੀਂ ਲਈ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪ੍ਰਧਾਨ ਗੁਰਭੇਜ ਸਿੰਘ ਝੰਡੇ ਮੇਜਰ ਸਿੰਘ ਅਬਦਾਲ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਮਾਨ ਸਰਕਾਰ ਤੇ ਉਸ ਦੇ ਪੁਲੀਸ ਪ੍ਰਸ਼ਾਸਨ ’ਤੇ ਵੱਡਾ ਸਵਾਲ ਹੈ ਕਿ ਡੀਐੱਸਪੀ ਮਜੀਠਾ ਦੇ ਦਫ਼ਤਰ ਅੱਗੇ ਲੱਗਾ ਪੱਕਾ ਮੋਰਚਾ 49ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਮਸਲਿਆਂ ਦੇ ਹੱਲ ਕਰਨ ਵੱਲ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਾ ਮਾਫੀਆ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ। ਲੁੱਟ ਖੋਹ ਦੀਆਂ ਘਟਨਾਵਾਂ ਅਤੇ ਚੋਰੀਆਂ ਆਦਿ ਨਸ਼ੇ ਕਾਰਨ ਹੀ ਵਧ ਰਹੇ ਹਨ। ਪੁਲੀਸ ਪ੍ਰਸ਼ਾਸਨ ਦੀ ਪੁਸ਼ਤ ਪਨਾਹੀ ਤੋਂ ਬਗੈਰ ਇਹ ਮਾਫੀਆ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹਰ ਰੋਜ਼ ਗੰਭੀਰ ਹੋ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।