ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 18 ਦਸੰਬਰ
ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਨੇ ਸਥਾਨਕ ਕਸਬੇ ਵਿੱਚ ਫ਼ਤਿਹ ਮਾਰਚ ਕੱਢਿਆ ਗਿਆ। ਇਸ ਮੌਕੇ ਹਲਕੇ ਵਿੱਚ ਕੰਮ ਕਰਦੀ ਸੰਯੁਕਤ ਮੋਰਚੇ ਵਿੱਚ ਸ਼ਾਮਲ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਫ਼ਤਿਹ ਮਾਰਚ ਕੱਢਿਆ ਗਿਆ। ਇਸ ਮੌਕੇ ਕਸਬੇ ਅੰਦਰ ਵੱਖ-ਵੱਖ ਥਾਵਾਂ ’ਤੇ ਦੁਕਾਨਦਾਰਾਂ ਅਤੇ ਕਸਬੇ ਦੇ ਲੋਕਾਂ ਨੇ ਦਿੱਲੀ ਤੋਂ ਵਾਪਸ ਆਏ ਆਗੂਆਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਿਸਾਨ ਮਾਰਚ ਦੇ ਸਵਾਗਤ ਲਈ ਚਾਹ ਪਕੌੜਿਆਂ ਤੇ ਲੱਡੂਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਲਕੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਂਦੇ ਫ਼ੈਸਲਿਆਂ ਨੂੰ ਗੰਭੀਰਤਾ ਨਾਲ ਲੈਣਗੇ ਸੂਝਵਾਨ ਕਿਸਾਨ ਆਗੂਆਂ ਤੋਂ ਅਗਵਾਈ ਲੈ ਕੇ ਅੱਗੇ ਵਧਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਇਕਾਈ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਮਨੋਹਰ ਸਿੰਘ, ਜਸਵਿੰਦਰ ਸਿੰਘ ਕਥਾਵਾਚਕ, ਗੁਰਨਾਮ ਸਿੰਘ, ਮੰਗਾਂ ਸਿੰਘ, ਬਲਵੰਤ ਸਿੰਘ, ਮਨਮੋਹ ਸਿੰਘ, ਸਤਜੀਤ ਸਿੰਘ ਬਾਜਵਾ, ਜਨਕ ਰਾਜ, ਐਮ. ਪੀ. ਸਿੰਘ, ਜਸਬੀਰ ਸਿੰਘ ਜੱਸ, ਵਿਨੋਦ, ਸਤਨਾਮ ਸਿੰਘ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ।