ਪੱਤਰ ਪ੍ਰੇਰਕ
ਅਜਨਾਲਾ, 24 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਕਾਲਿਆਂ ਵਾਲਾ ਖੂਹ ਅਜਨਾਲਾ ’ਚ ਹੋਈ। ਇਸ ਦੌਰਾਨ ਆਗੂਆਂ ਨੇ ਫ਼ੈਸਲਾ ਕੀਤਾ ਕਿ ਪਰਾਲੀ ਸਾੜਨ ਦੇ ਮੁੱਦੇ ’ਤੇ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਰੋਸ ਵਜੋਂ ਜਥੇਬੰਦੀ 5 ਅਕਤੂਬਰ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਮੁੱਖ ਦਫ਼ਤਰ ਅਜਨਾਲਾ ਅੱਗੇ ਪਰਾਲੀ ਦੀਆਂ ਟਰਾਲੀਆਂ ਢੇਰੀ ਕਰੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ 95 ਫੀਸਦ ਕਿਸਾਨਾਂ ਕੋਲ ਪਰਾਲੀ ਨਾਲ ਨਜਿੱਠਣ ਲਈ ਮਸ਼ੀਨਰੀ ਨਹੀਂ ਹੈ ਜਦਕਿ ਸਰਕਾਰ ਵੱਲੋਂ ਪਹਿਲਾਂ ਕਿਹਾ ਗਿਆ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮਦਦ ਕੀਤੀ ਜਾਵੇਗੀ ਪਰ ਸਰਕਾਰ ਏਸ ਗੱਲ ਤੋਂ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਗਾਲਣ ਲਈ ਭਾਰੀ ਮਸ਼ੀਨਰੀ, ਸਮਾਂ ਅਤੇ ਪਾਣੀ ਚਾਹੀਦਾ ਹੈ ਪਰ ਕਣਕ ਦੀ ਬਿਜਾਈ ਸਿਰ ’ਤੇ ਹੋਣ ਕਾਰਨ ਖੇਤ ਜਲਦੀ ਵਿਹਲਾ ਕਰਨ ਲਈ ਲਗਪਗ 3 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ ਜਿਸ ਕਾਰਨ ਪਰਾਲੀ ਨੂੰ ਅੱਗ ਲਾਉਣਾ ਮਜਬੂਰੀ ਬਣ ਜਾਂਦੀ ਹੈ।