ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 26 ਦਸੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੜਾਕੇ ਦੀ ਠੰਢ ਵਿੱਚ ਦੇਵੀਦਾਸਪੁਰਾ ਵਿੱਚ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ 7ਵੇਂ ਦਿਨ ਦੇਵੀਦਾਸਪੁਰਾ ਰੇਲ ਟਰੈਕ ਉੱਪਰ ਕੇਂਦਰੀ ਖੇਤਰੀ ਮੰਤਰੀ ਨਰਿੰਦਰ ਤੋਮਰ ਦਾ ਪੁਤਲਾ ਫੂਕਿਆ ਗਿਆ। ਇਸ ਬਾਰੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਜਥੇਬੰਦੀ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਦਿੱਤੇ ਬਿਆਨ ਕਿ ਉਹ ਇੱਕ ਕਦਮ ਪਿੱਛੇ ਹਟੇ ਹਨ, ਕੁਝ ਸਮੇਂ ਬਾਅਦ ਦੁਬਾਰਾ ਅੱਗੇ ਵਧਣਗੇ ਤੇ ਕਾਲੇ ਖੇਤੀ ਕਾਨੂੰਨ ਦੁਬਾਰਾ ਲਿਆਉਣਗੇ, ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੱਲ ਕਰਜ਼ੇ ਉੱਤੇ ਲੀਕ ਮਾਰਨ ਨਾਲ ਹੀ ਨਿਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ-ਮਜ਼ਦੂਰਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਗੂਆਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ੇ ਤੇ ਹੋਰ ਬਹੁਤ ਸਾਰੇ ਮਸਲੇ ਹੱਲ ਕਰਵਾਉਣੇ ਅਜੇ ਬਾਕੀ ਹਨ, ਜਿਨ੍ਹਾਂ ਨੂੰ ਵੱਡੇ ਸੰਘਰਸ਼ਾਂ ਦੇ ਸਿਰ ’ਤੇ ਹੀ ਹੱਲ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਜਥੇਬੰਦੀ ਆਪਣੇ ਵਿਧਾਨ ਅਨੁਸਾਰ ਚੋਣਾਂ ਵਿੱਚ ਕਿਸੇ ਪ੍ਰਕਾਰ ਹਿੱਸਾ ਨਹੀਂ ਲਵੇਗੀ।
ਆਗੂਆਂ ਅੱਗੇ ਦੱਸਿਆ ਕਿ ਕੁਝ ਮੰਗਾਂ ਸਰਕਾਰ ਲਾਗੂ ਕਰ ਰਹੀ ਹੈ ਅਤੇ ਬਾਕੀ ਮੰਗਾਂ ਉੱਤੇ ਸੰਘਰਸ਼ ਜਾਰੀ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਸਰਕਾਰ ਦੁਬਾਰਾ ਖੇਤੀ ਵਿਰੋਧੀ ਕਦਮ ਚੁੱਕਣ ਦੇ ਸੁਪਨੇ ਨਾ ਲਵੇ, ਦੇਸ਼ ਭਰ ਦੇ ਕਿਸਾਨ ਮਜ਼ਦੂਰ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਡਟ ਕੇ ਖੜੇ ਹਨ ਤੇ ਸਰਕਾਰ ਦੇ ਲੋਕ ਵਿਰੋਧੀ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਜ਼ਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਡਾ:ਕੰਵਰਦਲੀਪ ਸਿੰਘ, ਮੰਗਜੀਤ ਸਿੰਘ ਸਿੱਧਵਾਂ, ਮਨਜੀਤ ਸਿੰਘ ਵਡਾਲਾ, ਬਲਕਾਰ ਸਿੰਘ ਦੇਵੀਦਾਸਪੁਰ, ਬਾਜ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਲਖਵਿੰਦਰ ਸਿੰਘ ਡਾਲਾ, ਕੁਲਵੰਤ ਸਿੰਘ ਰਾਜਾਤਾਲ, ਕੁਲਵੰਤ ਸਿੰਘ ਕੱਕੜ, ਕੁਲਬੀਰ ਸਿੰਘ ਲੋਪੋਕੇ, ਕੁਲਜੀਤ ਸਿੰਘ ਕਾਲੇ ਘਣੁਪੁਰ, ਸੁਖਜਿੰਦਰ ਸਿੰਘ ਫੌਜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।