ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਪੰਜਾਬ ਰਾਜ ਟਿਊਬਵੈੱਲ ਕਾਰਪੋਰੇਸ਼ਨ ਦਾ ਪਿੰਡ ਚੌਹਾਨ ਵਿੱਚ ਸਥਿਤ ਟਿਊਬਵੈੱਲ ਪਿਛਲੇ ਇੱਕ ਸਾਲ ਤੋਂ ਖਰਾਬ ਹੋਣ ਕਾਰਨ ਉੱਥੇ ਖੇਤਾਂ ਦੀ ਸਿੰਜਾਈ ਨਹੀਂ ਹੋ ਰਹੀ। ਇਸ ਕਾਰਨ ਉਕਤ ਖੇਤਾਂ ਦੇ ਕਿਸਾਨ ਪ੍ਰੇਸ਼ਾਨ ਹਨ। ਪ੍ਰਭਾਵਿਤ ਕਿਸਾਨਾਂ ਨਰਦੇਵ ਸਿੰਘ, ਜੋਗਿੰਦਰ ਸਿੰਘ, ਪੰਮੂ ਠਾਕੁਰ, ਅਸ਼ੋਕ ਕੁਮਾਰ, ਕਾਕਾ ਠਾਕੁਰ, ਰਾਜੇਸ਼ ਸਲਾਰੀਆ ਆਦਿ ਨੇ ਕਿਹਾ ਕਿ ਉਨ੍ਹਾਂ ਦਾ ਇਹ ਕੰਡੀ ਖੇਤਰ ਦਾ ਪਿੰਡ ਹੈ। ਇਥੇ ਖੇਤਾਂ ਦੀ ਸਿੰਜਾਈ ਲਈ ਕੋਈ ਨਹਿਰੀ ਪਾਣੀ ਦਾ ਪ੍ਰਬੰਧ ਨਹੀਂ ਹੈ। ਖੇਤਾਂ ਲਈ ਟਿਊਬਵੈੱਲ ਕਾਰਪੋਰੇਸ਼ਨ ਦਾ ਹੀ ਇੱਕ ਟਿਊਬਵੈੱਲ ਮਹਿਜ਼ ਸਿੰਜਾਈ ਦਾ ਸਾਧਨ ਹੈ। ਇਸ ਟਿਊਬਵੈਲ ਦੇ ਪਾਣੀ ਨਾਲ 90 ਏਕੜ ਭੂਮੀ ਦੀ ਸਿੰਜਾਈ ਹੁੰਦੀ ਹੈ। ਟਿਊਬਵੈੱਲ ਖਰਾਬ ਹੋਣ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਪਾਣੀ ਨਾ ਮਿਲਣ ਕਾਰਨ ਪ੍ਰਭਾਵਿਤ ਹੋ ਰਹੀਆਂ ਹਨ। ਉਹ ਕਈ ਵਾਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਕਰਕੇ ਲੋਕਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇ।