ਜਤਿੰਦਰ ਬੈਂਸ
ਗੁਰਦਾਸਪੁਰ, 6 ਜਨਵਰੀ
ਇਥੇ ਰੇਲਵੇ ਸਟੇਸ਼ਨ ਉੱਤੇ ਚੱਲ ਰਹੇ ਕਿਸਾਨ ਮੋਰਚੇ ਨੇ ਧਰਨੇ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ।
ਰੇਲਵੇ ਸਟੇਸ਼ਨ ਗੁਰਦਾਸਪੁਰ ਵਿਚ ਚੱਲ ਰਹੇ ਮੋਰਚੇ ਦੇ ਅੱਜ 98ਵੇਂ ਦਿਨ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਰਹੀ। ਪੰਜਾਬ ਕਿਸਾਨ ਯੂਨੀਅਨ ਦੇ ਲਖਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਕਿਰਪਾਲ ਸਿੰਘ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਕੁਲਬੀਰ ਸਿੰਘ ਗੁਰਾਇਆ ਅਤੇ ਜਮਹੂਰੀ ਕਿਸਾਨ ਸਭਾ ਦੇ ਕਪੂਰ ਸਿੰਘ ਘੁੰਮਣ ਅਤੇ ਗੁਰਨਾਮ ਸਿੰਘ ਨਾਅਰਿਆਂ ਦੀ ਗੁੂੰਜ ਵਿੱਚ ਭੁੱਖ ਹੜਤਾਲ ਉੱਤੇ ਬੈਠੇ। ਇਸ ਦੌਰਾਨ ਕਿਸਾਨ ਨੁਮਾਇੰਦਿਆਂ ਨੇ ਮੀਟਿੰਗ ਕਰਕੇ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਮਾਰਚ ਦੇ ਉਲੀਕੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਾਉਣ ਦਾ ਫੈਸਲਾ ਲਿਆ। ਇਸੇ ਤਰ੍ਹਾਂ 9 ਜਨਵਰੀ ਨੂੰ ਸਰ ਛੋਟੂ ਰਾਮ ਦੀ ਯਾਦ ਮਨਾਉਣ, 14 ਜਨਵਰੀ ਨੂੰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਵੇਗਾ।
ਤਰਨ ਤਾਰਨ (ਗੁਰਬਖ਼ਪੁਰੀ): ਨੌਸ਼ਹਿਰਾ ਪੰਨੂੰਆਂ ਵਿੱਚ ਲੜੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ| ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਦੱਸਿਆ ਕਿ ਅੱਜ ਪਿੰਡ ਨੰਦਪੁਰ ਤੋਂ ਕਿਸਾਨਾਂ ਦੇ 11-ਮੈਂਬਰੀ ਜਥੇ ਵਲੋਂ ਭੁੱਖ ਹੜਤਾਲ ਕੀਤੀ ਗਈ| ਜਥੇ ਦੀ ਅਗਵਾਈ ਰੇਸ਼ਮ ਸਿੰਘ, ਮੱਖਣ ਸਿੰਘ, ਪਲਵਿੰਦਰ ਸਿੰਘ, ਪਾਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕੀਤੀ|ਇਸੇ ਦੌਰਾਨ ਇਲਾਕੇ ਦੇ ਕਿਸਾਨਾਂ ਵਲੋਂ ਉਸਮਾ ਟੋਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ 92ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ|
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਜਥਾ ਦਿੱਲੀ ਪਹੁੰਚਿਆ
ਅੰਮ੍ਰਿਤਸਰ (ਪੱਤਰ ਪ੍ਰੇਰਕ); ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਦੇਸ਼ ’ਤੇ ਪਾਰਟੀ ਆਗੂਆਂ ਦਾ ਜਥਾ ਅੱਜ ਦਿੱਲੀ ਪਹੁੰਚਿਆ। ਪਾਰਟੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮੱਖਣ ਸਿੰਘ ਦੀ ਅਗਵਾਈ ਵਿਚ ਜਥੇ ਨੇ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਕੁੰਡਲੀ ਬਾਰਡਰ ’ਤੇ ਕਿਸਾਨਾਂ ਦੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ।