ਪੱਤਰ ਪ੍ਰੇਰਕ
ਤਰਨ ਤਾਰਨ, 10 ਅਗਸਤ
ਇਲਾਕੇ ਦੇ ਪਿੰਡ ਵਰਪਾਲ ਦੀ ਪੰਚਾਇਤੀ ਅੱਠ ਏਕੜ ਜ਼ਮੀਨ ਠੇਕੇ ’ਤੇ ਲੈਣ ਵਾਲੀ ਕਿਸਾਨ ਔਰਤ ਸਿਮਰਜੀਤ ਕੌਰ ਨੂੰ ਪੰਚਾਇਤ ਵੱਲੋਂ ਸਿੰਜਾਈ ਕਰਨ ਲਈ ਢਾਈ ਮਹੀਨੇ ਬੀਤਣ ’ਤੇ ਵੀ ਟਿਊਬਵੈੱਲ ਚਾਲੂ ਕਰਵਾ ਕੇ ਨਹੀਂ ਦਿੱਤਾ ਜਾ ਸਕਿਆ| ਕਿਸਾਨ ਬੀਬੀ ਨੇ ਦੱਸਿਆ ਕਿ ਉਸ ਨੇ ਕਈ ਵਾਰ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਨੂੰ ਟਿਊਬਵੈੱਲ ਚਾਲੂ ਕਰਵਾ ਕੇ ਦੇਣ ਦੀ ਅਪੀਲ ਕੀਤੀ ਹੈ ਪਰ ਸਰਪੰਚ ਸੁਣਵਾਈ ਨਹੀਂ ਕਰ ਰਿਹਾ| ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਕਿਸਾਨ ਔਰਤ ਨੇ ਜ਼ਮੀਨ ਵਿੱਚ ਝੋਨਾ ਲਗਾਇਆ ਹੈ, ਜਿਹੜਾ ਪਾਣੀ ਨਾ ਆਉਣ ਕਰਕੇ ਸੁੱਕ ਰਿਹਾ ਹੈ| ਸਿਮਰਜੀਤ ਕੌਰ ਨੇ ਕਿਹਾ ਕਿ ਉਸ ਨੇ ਪੰਚਾਇਤ ਨੂੰ ਬਣਦੀ ਸਾਰੀ ਰਕਮ ਵੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਸਰਪੰਚ ਕਸ਼ਮੀਰ ਸਿੰਘ ਨੇ ਕਿਹਾ ਕਿ ਉਸ ਵਲੋਂ ਜ਼ਮੀਨ ਵਿੱਚ ਲੱਗੇ ਕੁਨੈਕਸ਼ਨ ਦਾ ਲੋਡ ਵਧਾਉਣ ਲਈ ਕਾਰਵਾਈ ਸ਼ੁਰੂ ਕੀਤੀ ਹੋਈ ਹੈ, ਜਿਹੜਾ ਛੇਤੀ ਚਾਲੂ ਹੋਣ ਦੀ ਉਮੀਦ ਹੈ| ਸਿਮਰਜੀਤ ਕੌਰ ਨੇ ਸਰਪੰਚ ’ਤੇ ਜਾਣਬੁੱਝ ਕੇ ਦੇਰੀ ਕੀਤੇ ਜਾਣ ਦਾ ਦੋਸ਼ ਲਗਾਇਆ ਹੈ|