ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 28 ਜੂਨ
ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿੱਚ ਸਥਿਤ ਭਾਟੀਆ ਹਸਪਤਾਲ ਵਿਚ ਅਪ੍ਰੇਸ਼ਨ ਦੌਰਾਨ 40 ਸਾਲਾਂ ਦੀ ਸਰਕਾਰੀ ਅਧਿਆਪਕਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ। ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਮੌਕੇ ‘ਤੇ ਪਹੁੰਚੀ ਪੁਲੀਸ ਨੇ ਹਸਪਤਾਲ ਦੇ ਪ੍ਰਬੰਧਕ ਤੇ ਡਾਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।
ਮ੍ਰਿਤਕਾ ਪਿਰਮਲਜੀਤ ਕੌਰ ਪਤਨੀ ਸੁਖਰਾਜ ਸਿੰਘ ਇੱਥੋਂ ਦੀ ਜੇਲ੍ਹ ਰੋਡ ਸਥਿਤ ਸ਼ਹੀਦ ਭਗਤ ਸਿੰਘ ਦੀ ਨਿਵਾਸੀ ਸੀ ਅਤੇ ਸਰਕਾਰੀ ਸਕੂਲ, ਪਾਹੜਾ ਵਿਚ ਤਾਇਨਾਤ ਸੀ। ਪਿਰਮਲਜੀਤ ਕੌਰ ਦੇ ਪਿਤਾ ਅਜੀਤ ਸਿੰਘ ਵਾਸੀ ਬੱਬੇਹਾਲੀ ਅਤੇ ਪਤੀ ਸੁਖਰਾਜ ਸਿੰਘ ਨੇ ਦੱਸਿਆ ਕਿ ਪਿਰਮਲਜੀਤ ਕੌਰ ਦੇ ਪਿੱਤੇ ਵਿਚ ਪੱਥਰੀ ਸੀ ਜਿਸ ਕਾਰਨ ਅੱਜ ਉਸ ਨੂੰ ਭਾਟੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੇ ਸਾਰੇ ਟੈੱਸਟ ਕਰਵਾਏ ਸਨ ਜਿਨ੍ਹਾਂ ਦੀਆਂ ਰਿਪੋਰਟਾਂ ਨਾਰਮਲ ਸਨ। ਅੱਜ ਅਪਰੇਸ਼ਨ ਲਈ ਕਰੀਬ 3 ਵਜੇ ਪਿਰਮਲਜੀਤ ਕੌਰ ਨੂੰ ਅਪ੍ਰੇਸ਼ਨ ਥੀਏਟਰ ਵਿਚ ਲੈ ਗਏ ਅਤੇ ਕਰੀਬ 4 ਵਜੇ ਡਾਕਟਰਾਂ ਨੇ ਕਿਹਾ ਕਿ ਮਰੀਜ਼ ਨੂੰ ਸਾਹ ਦੀ ਸਮੱਸਿਆ ਆਈ ਹੈ ਅਤੇ ਉਸ ਨੂੰ ਕਿਸੇ ਹੋਰ ਹਸਪਤਾਲ ਲਿਜਾਣਾ ਪਵੇਗਾ ਪਰ ਜਦੋਂ ਉਸ ਦੇ ਪਤੀ ਨੇ ਜਾ ਕੇ ਦੇਖਿਆ ਤਾਂ ਪਿਰਮਲਜੀਤ ਕੌਰ ਦੀ ਨਬਜ਼ ਰੁਕ ਚੁੱਕੀ ਸੀ। ਮੌਤ ਦਾ ਪਤਾ ਲੱਗਣ ‘ਤੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਇਕੱਤਰ ਹੋ ਗਏ ਜਿਨ੍ਹਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਹਸਪਤਾਲ ਦੇ ਮਾਲਕ ਅਤੇ ਡਾਕਟਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ । ਉਨ੍ਹਾਂ ਦੋਸ਼ ਲਗਾਇਆ ਕਿ ਡਾਕਟਰਾਂ ਨੇ ਆਪ੍ਰੇਸ਼ਨ ਕਰਨ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤੀ ਹੈ। ਰੋਸ ਵਜੋਂ ਮ੍ਰਿਤਕ ਦੇ ਵਾਰਸਾਂ ਨੇ ਹਸਪਤਾਲ ਦੇ ਸਾਹਮਣੇ ਆਵਾਜਾਈ ਠੱਪ ਕਰ ਦਿੱਤੀ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਪਿਉ-ਪੁੱਤਰ ਦੋਵੇਂ ਡਾਕਟਰਾਂ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਵੀ ਕਸੂਰ ਸਾਹਮਣੇ ਆਇਆ ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ । ਦੂਜੇ ਪਾਸੇ ਸਬੰਧਿਤ ਡਾਕਟਰ ਐੱਚ ਐੱਸ ਭਾਟੀਆ ਨੇ ਪੁਲਿਸ ਦੀ ਹਿਰਾਸਤ ‘ਚ ਜਾਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੇ ਕੋਈ ਲਾਪ੍ਰਵਾਹੀ ਨਹੀਂ ਕੀਤੀ। ਅਪ੍ਰੇਸ਼ਨ ਦੌਰਾਨ ਮਹਿਲਾ ਦੇ ਦਿਲ ਦੀ ਧੜਕਨ ਰੁਕ ਗਈ ਸੀ ਜਿਸ ਕਾਰਨ ਉਕਤ ਮੌਤ ਹੋਈ ਹੈ। ਅਪ੍ਰੇਸ਼ਨ ਸਮੇਂ ਇੱਕ ਹੋਰ ਮਾਹਿਰ ਡਾਕਟਰ ਨੂੰ ਵੀ ਬੁਲਾਇਆ ਗਿਆ ਸੀ।