ਪਾਲ ਸਿੰਘ ਨੌਲੀ
ਜਲੰਧਰ, 6 ਜੁਲਾਈ
ਕਮਿਸ਼ਨਰੇਟ ਪੁਲੀਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਲੋਕਾਂ ਨਾਲ ਟਰੈਵਲ ਏਜੰਟਾਂ ਵੱਲੋਂ ਮਾਰੀਆਂ ਗਈਆਂ ਠੱਗੀਆਂ ’ਤੇ ਕਾਰਵਾਈ ਕਰਦਿਆ ਜਿੱਥੇ ਚਾਰ ਠੱਗ ਟਰੈਵਲ ਏਜੰਟਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਉਥੇ ਹੀ ਉਨ੍ਹਾਂ ਦੇ ਕਬਜ਼ੇ ਵਿੱਚੋਂ 536 ਪਾਸਪੋਰਟ, 49 ਹਜ਼ਾਰ ਰੁਪਏ ਦੀ ਨਕਦੀ, ਇੱਕ ਲੈਪਟਾਪ ਅਤੇ ਤਿੰਨ ਕੰਪਿਊਟਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਨਾਂਅ ’ਤੇ ਇਨ੍ਹਾਂ ਟਰੈਵਲ ਏਜੰਟਾਂ ਵੱਲੋਂ ਮਾਰੀਆਂ ਜਾ ਰਹੀਆਂ ਠੱਗੀਆਂ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ। ਪੁਲੀਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਏ.ਸੀ.ਪੀ ਅਸ਼ੋਕ ਕੁਮਾਰ, ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਥਾਨਕ ਬੱਸ ਸਟੈਂਡ ਨੇੜੇ ਵੀਵੀ ਓਵਰਸੀਜ਼, ਲੈਂਡਮੇਜ਼ ਓਵਰਸੀਜ਼, ਪੰਜਾਬ ਤੋਂ ਅਬਰੋਡ ਕੰਸਲਟੈਂਸੀ, ਵਰਲਡਵਾਈਡ ਓਵਰਸੀਜ਼ ਅਤੇ ਵੀਜ਼ਾ ਸਿਟੀ ਕੰਸਲਟੈਂਸੀ ਏਜੰਸੀਆਂ ਦੇ ਦਫ਼ਤਰਾਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਿਤਿਨ ਵਾਸੀ ਮਹਾਂਵੀਰ ਕਲੋਨੀ ਲੁਧਿਆਣਾ, ਅਮਿਤ ਸ਼ਰਮਾ ਵਾਸੀ ਨਿਊ ਕਰਮਸਰ ਕਲੋਨੀ ਲੁਧਿਆਣਾ, ਸਾਹਿਲ ਘਈ ਲਾਲ ਕੋਠੀ ਹੈਬੋਵਾਲ ਅਤੇ ਤਜਿੰਦਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਵਜੋਂ ਹੋਈ ਹੈ। ਇਹ ਚਾਰੇ ਜਣੇ ਲੁਧਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਛਾਪਾ ਮਾਰ ਕੇ ਅਮਿਤ, ਨਿਤਿਨ ਅਤੇ ਸਾਹਿਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਰ ਪੁਲੀਸ ਨੇ ਤਜਿੰਦਰ ਸਿੰਘ ਨੂੰ ਵੀ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 536 ਭਾਰਤੀ ਪਾਸਪੋਰਟ ਅਤੇ 49 ਹਜ਼ਾਰ ਰੁਪਏ ਦੀ ਨਕਦੀ, ਲੈਪਟਾਪ, ਕੰਪਿਊਟਰ ਸੈੱਟ ਅਤੇ ਹੋਰ ਏਜੰਸੀਆਂ ਦੇ ਅਹਾਤੇ ਤੋਂ ਬਰਾਮਦ ਕੀਤੇ।