ਐੱਨਪੀ ਧਵਨ
ਪਠਾਨਕੋਟ, 23 ਜੂਨ
21 ਸਬ-ਏਰੀਆ ਸਟੇਸ਼ਨ ਹੈੱਡਕੁਆਰਟਰ ਪਠਾਨਕੋਟ ਵੱਲੋਂ 60 ਸਾਲ ਪੂਰੇ ਹੋਣ ’ਤੇ ਅੱਜ ਇਥੇ ਸਾਬਕਾ ਸੈਨਿਕਾਂ ਦੀ ਰੈਲੀ ਕੀਤੀ ਗਈ। ਇਸ ਵਿੱਚ ਫੌਜ ਦੀ ਰਾਈਜ਼ਿੰਗ ਸਟਾਰ ਕੋਰ (9 ਕੋਰ) ਦੇ ਕਮਾਂਡਰ ਮੇਜਰ ਜਨਰਲ ਮਨੋਜ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੈਲੀ ਦੇ ਸਾਰੇ ਪ੍ਰਬੰਧ ਕਮਾਂਡਰ ਬ੍ਰਿਗੇਡੀਅਰ ਸੰਦੀਪ ਐੱਸ ਸ਼ਾਰਦਾ ਦੀ ਅਗਵਾਈ ਹੇਠ ਕੀਤੇ ਗਏ। ਇਸ ਰੈਲੀ ਵਿੱਚ ਪੂਰੇ ਇਲਾਕੇ ਭਰ ’ਚੋਂ ਸਾਬਕਾ ਸੈਨਿਕ ਭਾਰੀ ਗਿਣਤੀ ਵਿੱਚ ਪੁੱਜੇ। ਇਸ ਮੌਕੇ ਜਸ਼ਨਾਂ ਦੀ ਸ਼ੁਰੂਆਤ ਇੱਕ ਦਸਤਾਵੇਜ਼ੀ ਫਿਲਮ ਪ੍ਰਦਰਸ਼ਿਤ ਕਰਨ ਨਾਲ ਹੋਈ, ਜਿਸ ਵਿੱਚ ਪਿਛਲੇ ਕਮਾਂਡਰਾਂ ਦੇ ਸੰਦੇਸ਼ਾਂ, ਬਹਾਦਰੀ ਭਰੇ ਕੰਮਾਂ, ਜੰਗਾਂ ਨੂੰ ਅਮੀਰ ਬਣਾਉਣ ਅਤੇ 60 ਸਾਲ ਦੇ ਇਤਿਹਾਸ ਅੰਦਰ ਸਬ-ਏਰੀਆ ਦੇ ਬਹਾਦਰਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ।
ਕਮਾਂਡਰ ਮੇਜਰ ਜਨਰਲ ਮਨੋਜ ਤਿਵਾੜੀ ਨੇ 21 ਸਬ-ਏਰੀਆ ਦੇ ਸਾਰੇ ਰੈਂਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ 1965, 1971 ਦੀਆਂ ਜੰਗਾਂ, ਆਪਰੇਸ਼ਨ ਵਿਜੈ ਤੇ ਆਪਰੇਸ਼ਨ ਜ਼ਫਰਾਨ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਵੀਰ ਨਾਰੀਆਂ (ਜੰਗੀ ਵਿਧਵਾਵਾਂ) ਅਤੇ ਯੁੱਧ ਦੇ ਸਾਬਕਾ ਸੈਨਿਕਾਂ ਨੂੰ ਉਨ੍ਹਾਂ ਦੀ ਕੁਰਬਾਨੀ ਅਤੇ ਰਾਸ਼ਟਰ ਪ੍ਰਤੀ ਨਿਰਸੁਆਰਥ ਸੇਵਾ ਲਈ ਸਨਮਾਨਿਤ ਕੀਤਾ। ਅੰਤ ਵਿੱਚ 4 ਅਪਾਹਜ ਸੈਨਿਕਾਂ ਨੂੰ ਸਕੂਟਰ ਦਿੱਤੇ ਗਏ ਅਤੇ ਗੈਰ-ਪੈਨਸ਼ਨਰਾਂ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਸ ਦੇ ਇਲਾਵਾ ਸਾਬਕਾ ਸੈਨਿਕਾਂ ਨੂੰ ਸ਼ਾਲ, ਟੀ-ਸ਼ਰਟਾਂ, ਬਜ਼ੁਰਗ ਸਾਬਕਾ ਸੈਨਿਕਾਂ ਦੇ ਚੱਲਣ ਲਈ ਖੂੰਡੀਆਂ ਅਤੇ ਟੋਪੀਆਂ ਭੇਟ ਕੀਤੀਆਂ ਗਈਆਂ।