ਜਤਿੰਦਰ ਬੈਂਸ
ਗੁਰਦਾਸਪੁਰ, 2 ਜੁਲਾਈ
ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਇੱਕਤਰਤਾ ਕਮੇਟੀ ਦੇ ਪ੍ਰਧਾਨ ਸੂਬੇਦਾਰ ਮੇਜਰ ਐੱਸਪੀ ਗੋਸਲ, ਚੇਅਰਮੈਨ ਕੈਪਟਨ ਗੁਰਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਹੋਈ।
ਇਸ ਮੌਕੇ ਸਾਬਕਾ ਸੈਨਿਕਾਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਨੂੰ ਰੱਦ ਕਰਨ ਜਾਂ ਇਸ ਦੇ ਨਾਲ ਤਿੰਨ ਹੋਰ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ। ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵੱਲੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ। ਕਮੇਟੀ ਪ੍ਰਧਾਨ ਸੂਬੇਦਾਰ ਮੇਜ਼ਰ ਗੌਸਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਉਕਤ ਸਕੀਮ ਦੀ ਹਮਾਇਤ ਕਰ ਸਕਦੇ ਹਨ ਜੇਕਰ ਕੇਂਦਰ ਸਰਕਾਰ ਮੈਂਬਰ ਆਫ਼ ਪਾਰਲੀਮੈਂਟ ਦੇ 17 ਤੋਂ ਲੈ ਕੇ 42 ਸਾਲ ਦੇ ਬੱਚਿਆਂ ਨੂੰ ਅਗਨੀਪਥ ਸਕੀਮ ਤਹਿਤ ਅਗਨੀਵੀਰ ਭਰਤੀ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਜਿਵੇਂ ਸਕੀਮ ਤਹਿਤ ਅਗਨੀਵੀਰਾਂ ਦੀ ਪੈਨਸ਼ਨ ਬੰਦ ਕਰਨ ਦਾ ਫੈਸਲਾ ਲਿਆ ਹੈ ਉਸੇ ਤਰ੍ਹਾਂ ਮੈਂਬਰ ਆਫ਼ ਪਾਰਲੀਮੈਂਟ ਮੈਂਬਰਾਂ ਦੀਆਂ ਪੈਨਸ਼ਨਾਂ ਅਤੇ ਹੋਰ ਸਹੂਲਤਾਂ ਨੂੰ ਬੰਦ ਕਰਕੇ ਉੱਕ ਪੁੱਕਾ 50 ਹਜ਼ਾਰ ਰੁਪਏ ਮਹੀਨਾ ਤਨਖਾਹ ਤੈਅ ਕਰ ਦੇਵੇ ਅਤੇ ਤੀਸਰਾ ਪਾਰਲੀਮਾਨੀ ਮੈਂਬਰਾਂ ਅਤੇ ਸਾਰਿਆਂ ਮੰਤਰੀਆਂ ਲਈ ਫਾਸਟ ਟਰੈਕ ਅਦਾਲਤਾਂ ਬਣਾ ਕੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਨੂੰ ਘੱਟ ਤੋਂ ਘੱਟ ਮੌਤ ਦੀ ਸਜ਼ਾ ਤੈਅ ਕੀਤੀ ਜਾਵੇ।