ਪੱਤਰ ਪ੍ਰੇਰਕ
ਪਠਾਨਕੋਟ, 22 ਸਤੰਬਰ
ਪੰਜਾਬ ਸਰਕਾਰ ਵੱਲੋਂ ਜੀਓਜੀ ਸਕੀਮ ਨੂੰ ਰੱਦ ਕਰ ਦੇਣ ਦੇ ਫੈਸਲੇ ਖਿਲਾਫ ਅੱਜ ਇਥੇ ਸਾਬਕਾ ਸੈਨਿਕਾਂ ਨੇ ਸੇਵਾਮੁਕਤ ਬ੍ਰਿਗੇਡੀਅਰ ਪ੍ਰਹਿਲਾਦ ਸਿੰਘ ਦੀ ਅਗਵਾਈ ਵਿੱਚ ਮੋਟਰਸਾਈਕਲ ਰੈਲੀ ਕੱਢੀ ਅਤੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੋਟਰ ਸਾਈਕਲ ਰੈਲੀ ਵਿਚ ਕਰਨਲ ਆਰਕੇ ਸਲਾਰੀਆ, ਕੈਪਟਨ ਪ੍ਰਤਾਪ ਸਿੰਘ, ਸ਼ਾਮ ਸਿੰਘ, ਪ੍ਰਿਥਵੀ ਰਾਜ, ਤ੍ਰਿਲੋਚਨ ਸਿੰਘ, ਬਚਨ, ਕਰਨ ਸਿੰਘ, ਸੂਬੇਦਾਰ ਮੇਜਰ ਕੁਲਵੰਤ ਸਿੰਘ, ਸਿਕੰਦਰ ਸਿੰਘ, ਅਜੀਤ ਪਾਲ, ਗਿਆਨ ਚੰਦ, ਸਰਦਾਰੀ ਲਾਲ ਆਦਿ ਸ਼ਾਮਲ ਹੋਏ। ਬ੍ਰਿਗੇਡੀਅਰ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਜੀਓਜੀ ਸਕੀਮ ਨੂੰ ਲਾਗੂ ਕਰਨ ਦਾ ਮੁੱਖ ਮਕਸਦ ਸਰਕਾਰੀ ਸਕੀਮਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨਾ, ਨਸ਼ੇ ਤੇ ਲਗਾਮ ਲਗਾਉਣਾ ਅਤੇ ਵਾਤਾਵਰਨ ਸੁਧਾਰ ਆਦਿ ਸੀ। ਜਿਸ ਵਿੱਚ ਜੀਓਜੀ ਕਾਫੀ ਹੱਦ ਤਕ ਕਾਮਯਾਬ ਵੀ ਹੋਏ ਪਰ ਮੌਜੂਦਾ ਸਰਕਾਰ ਨੇ ਜੀਓਜੀ ਸਕੀਮ ਨੂੰ ਰੱਦ ਕਰਕੇ ਫਿਰ ਭ੍ਰਿਸ਼ਟਾਚਾਰੀਆਂ ਨੂੰ ਖੁੱਲ੍ਹ ਦੇਣ ਦਾ ਸਬੂਤ ਦੇ ਦਿੱਤਾ ਹੈ। ਸਾਬਕਾ ਸੈਨਿਕਾਂ ਦਾ ਸਰਕਾਰ ਨੇ ਸਨਮਾਨ ਤਾਂ ਕੀ ਕਰਨਾ ਸੀ ਸਗੋਂ ਸਕੀਮ ਰੱਦ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਜਿਸ ਨੂੰ ਸਾਬਕਾ ਸੈਨਿਕ ਕਦੇ ਵੀ ਨਹੀਂ ਸਹਾਰਨਗੇ। ਇਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਾਬਕਾ ਫੌਜੀਆਂ ਨੂੰ ਰੁਜ਼ਗਾਰ ਅਤੇ ਸਮਾਜ ਨੂੰ ਸੇਧ ਮਿਲਦੀ ਸੀ।