ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 1 ਅਗਸਤ
ਲੁਟੇਰੇ ਵੱਲੋਂ ਲੁੱਟ ਦੀ ਨੀਅਤ ਨਾਲ ਸਾਬਕ ਆਰਮੀ ਅਫਸਰ ਦੇ ਘਰ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਕੀਤੇ ਕਾਤਲਾਨਾ ਹਮਲੇ ਵਿੱਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਖਾਨਾਪੂਰਤੀ ਕਰਦੇ ਹੋਏ ਲੁਟੇਰੇ ਖ਼ਿਲਾਫ਼ ਨਸ਼ੇ ਦਾ ਮਾਮੂਲੀ ਕੇਸ ਦਰਜ ਕਰਕੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ। ਜਦੋਂਕਿ ਮਾਮਲੇ ’ਚ ਤਫਤੀਸ਼ੀ ਅਫਸਰ ਸੁਖਚੈਨ ਸਿੰਘ ਨੇ ਕਾਰਵਾਈ ਦੇ ਨਾਂ ਹੇਠ ਸਾਬਕਾ ਕਰਨਲ ਅਮਰਜੀਤ ਸਿੰਘ ਕੋਲੋਂ ਕਥਿਤ ਬਰਾਂਡਿਡ ਰਮ ਦੀ ਬੋਤਲ ਲੈਣ ਦੇ ਬਾਵਜੂਦ ਆਪਣੀ ਜ਼ਿੰਮਵਾਰੀ ਤੋਂ ਪਾਸਾ ਵੱਟ ਲਿਆ। ਪੀੜਤ ਕਰਨਲ ਅਮਰਜੀਤ ਸਿੰਘ ਨੇ ਪੁਲੀਸ ਦੀ ਇਸ ਕਾਰਵਾਈ ’ਤੇ ਰੋਸ ਜਤਾਉਂਦੇ ਕਿਹਾ ਕਿ ਲੁੱਟ ਦੀ ਨੀਅਤ ਨਾਲ ਘਰ ’ਚ ਦਾਖਲ ਹੋਏ ਨੌਜਵਾਨ ਵੱਲੋਂ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਕਾਤਲਾਨਾ ਹਮਲਾ ਕਰਦੇ ਹੋਏ ਉਸਨੂੰ ਸੱਟਾਂ ਮਾਰੀਆਂ ਗਈਆਂ। ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋਣ ਦੇ ਬਾਵਜੂਦ ਪੁਲੀਸ ਨੇ ਲੁਟੇਰੇ ਖ਼ਿਲਾਫ਼ ਨਸ਼ੇ ਦਾ ਮਾਮੂਲੀ ਕੇਸ ਦਰਜ ਕਰਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ ਪੀੜਤ ਕਰਨਲ ਅਮਰਜੀਤ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਧਰੁਮਨ ਐੱਚ ਨਬਿਾਲੇ ਕੋਲੋਂ ਇਨਸਾਫ ਦੀ ਗੁਹਾਰ ਲਾਈ ਹੈ। ਪੀੜਤ ਦੀ ਪਤਨੀ ਦਲਵਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਤੋਂ ਇਕ ਮਹੀਨਾ ਪਹਿਲਾਂ ਵੀ ਘਰ ’ਚ ਚੋਰੀ ਕਰਨ ਆਏ ਨੌਜਵਾਨ ਨੂੰ ਰੱਗੇ ਹੱਥੀਂ ਕਾਬੂ ਕੀਤਾ ਗਿਆ ਸੀ ਜੋ ਆਪਣਾ ਮੋਟਰਸਾਈਕਲ ਛੱਡ ਕੇ ਦੌੜ ਗਿਆ ਸੀ ਪਰ ਉਸ ਇਸ ਮਾਮਲੇ ’ਚ ਵੀ ਬਿਨਾਂ ਕਿਸੇ ਕਾਰਵਾਈ ਗੋਇੰਦਵਾਲ ਪੁਲੀਸ ਵੱਲੋਂ ਚੋਰ ਦਾ ਮੋਟਰਸਾਈਕਲ ਦੋ ਦਿਨ ਬਾਅਦ ਛੱਡ ਦਿੱਤਾ ਗਿਆ। ਜਿਸ ਦੀ ਉਨ੍ਹਾਂ 30 ਜੂਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਅਜਿਹੀ ਕਾਰਵਾਈ ਕਾਰਨ ਸਮਾਜ ਵਿਰੋਧੀ ਅਨਸਰਾ ਦੇ ਹੌਸਲੇ ਬੁਲੰਦ ਹਨ।
ਤੁਸੀਂ ਕਾਰਵਾਈ ਬਾਰੇ ਪੁੱਛ ਕੇ ਕੀ ਲੈਣਾ: ਏਐੱਸਆਈ
ਇਸ ਸਬੰਧੀ ਤਫਤੀਸ਼ੀ ਅਫਸਰ ਸੁਖਚੈਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਰਵਾਈ ਦੇ ਨਾਂ ਹੇਠ ਕਿਸੇ ਕੋਲੋਂ ਕੋਈ ਬੋਤਲ ਨਹੀਂ ਲਈ ਗਈ। ਕਰਨਲ ਅਮਰਜੀਤ ਸਿੰਘ ਵੱਲੋਂ ਇੱਕ ਲੁਟੇਰੇ ਨੂੰ ਪੁਲੀਸ ਹਵਾਲੇ ਜ਼ਰੂਰ ਕੀਤਾ ਗਿਆ ਹੈ। ਜਦੋਂ ਲੁਟੇਰੇ ਖ਼ਿਲਾਫ਼ ਕਾਰਵਾਈ ਸਬੰਧੀ ਸਵਾਲ ਕੀਤਾ ਗਿਆ ਤਾਂ ਏਐੱਸਆਈ ਸੁਖਚੈਨ ਸਿੰਘ ਨੇ ਕਿਹਾ ਜਿਹੜੀ ਕਾਰਵਾਈ ਕਰਨੀ ਸੀ ਕਰ ਦਿੱਤੀ ਹੈ। ਤੁਸੀਂ ਕਾਰਵਾਈ ਦਾ ਪੁੱਛ ਕੇ ਕੀ ਲੈਣਾ ਹੈ।