ਸੁਖਦੇਵ ਸਿੰਘ ਸੁੱਖ
ਅਜਨਾਲਾ, 14 ਅਗਸਤ
ਦੇਸ਼ ਵੰਡ ਦੌਰਾਨ ਉਜਾੜੇ ਤੇ ਆਪਣਿਆਂ ਤੋਂ ਪਿਛੜਣ ਦੁੱਖ ਲੋਕ ਹਾਲੇ ਤੱਕ ਆਪਣੇ ਦਿਲ ’ਚ ਸਮੋਈ ਬੈਠੇ ਹਨ। ਆਪਣੇ ਮਾਤਾ-ਪਿਤਾ ਤੋਂ ਵਿੱਛੜ ਕੇ ਇਥੇ ਵਸੇ ਬਾਪੂ ਜਸਵੰਤ ਸਿੰਘ ਜੌਹਲ ਦਾ ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਮਨ ਭਰ ਆਉਂਦਾ ਹੈ। ਲਾਹੌਰ ਨੇੜਲੇ ਪਿੰਡ ਭੰਗਾਲੀ (ਹੁਣ ਪਾਕਿਸਤਾਨ ’ਚ) 15 ਮਈ 1930 ਨੂੰ ਸੁਰੈਣ ਸਿੰਘ ਦੇ ਘਰ ਜਨਮੇ ਜਸਵੰਤ ਸਿੰਘ ਜੌਹਲ ਅੱਜ-ਕੱਲ੍ਹ ਤਹਿਸੀਲ ਅਜਨਾਲਾ ਦੇ ਪਿੰਡ ਵਿਛੋਆ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਹ ਅੱਜ ਵੀ ਆਪਣਾ ਪੁਰਾਣਾ ਘਰ ਦੇਖਣ ਦੇ ਚਾਹਵਾਨ ਹਨ। 91 ਸਾਲਾ ਬਾਪੂ ਜੌਹਲ ਨੇ ਦੱਸਿਆ ਕਿ ਉਹ ਬਚਪਨ ’ਚ ਭੰਗਾਲੀ ਤੋਂ ਲਾਹੌਰ ਸ਼ਹਿਰ ਵਿੱਚ ਆ ਕੇ ਵੱਸ ਗਏ ਸਨ ਅਤੇ ਕੰਟੋਨਮੈਂਟ ਸਕੂਲ ਲਾਹੌਰ ਵਿਖੇ ਪੜ੍ਹਦਿਆਂ ਇੱਕ ਵਾਰ ਜਦ ਉਹ ਅਗਸਤ ਮਹੀਨੇ 1947 ਵਿੱਚ ਆਪਣੇ ਪਿੰਡ ਭੰਗਾਲੀ ਗਏ ਤਾਂ ਹਰ ਪਾਸੇ ਰੇਡੀਓ ਰਾਹੀਂ ਖਬਰ ਫੈਲ ਗਈ ਕਿ ਪਾਕਿਸਤਾਨ ਦੇਸ਼ ਬਣ ਗਿਆ ਹੈ ਅਤੇ ਇੱਧਰ ਵਸਦੇ ਪਰਿਵਾਰਾਂ ਨੂੰ ਇਹ ਜਗ੍ਹਾ ਛੱਡਣੀ ਹੋਵੇਗੀ।
ਉਦੋਂ ਹਫੜਾ-ਦਫੜੀ ਫੈਲਣ ਅਸੀਂ ਆਪਣੇ ਘਰ ਲਾਹੌਰ ਜਾਣਾ ਚਾਹਿਆ ਪਰ ਉਨ੍ਹਾਂ ਆਪਣੇ ਮਾਪਿਆਂ ਤੋਂ ਬਗੈਰ ਫੌਜ ਨੇ ਟਰੱਕਾਂ ਵਿੱਚ ਚੜ੍ਹਾ ਕੇ ਖਾਲੜਾ ਪਹੁੰਚਾ ਦਿੱਤਾ। ਇੱਥੋਂ ਅੱਗੇ ਉਹ ਪਿੰਡ ਸੁਰ ਸਿੰਘ ਤੋਂ ਹੁੰਦੇ ਹੋਏ ਵਿਛੋਆ ਆਣ ਪਹੁੰਚੇ। ਇੱਥੇ ਪਹੁੰਚਦਿਆਂ ਹੀ ਉਨ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਕਚਹਿਰੀ ’ਚ ਆਪਣਾ ਨਾਮ ਅਤੇ ਪਤਾ ਦਰਜ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਕਾਫੀ ਜੱਦੋ-ਜਹਿਦ ਨਾਲ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਅੰਮ੍ਰਿਤਸਰ ਕਚਹਿਰੀ ਤੋਂ ਜਾਣਕਾਰੀ ਲੈ ਕੇ ਸਾਨੂੰ ਲੱਭਿਆ। ਬਾਪੂ ਜੌਹਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਸਮਾਂ ਇੰਨਾ ਭਿਆਨਕ ਸੀ ਕਿ ਜੇਕਰ ਫੌਜ ਸਾਡੀ ਮਦਦ ਕਰਕੇ ਸਾਨੂੰ ਸੁਰੱਖਿਅਤ ਨਾਂ ਪਹੁੰਚਾਉਂਦੀ ਤਾਂ ਸ਼ਾਇਦ ਉਹ ਇੱਥੇ ਨਾ ਹੀ ਪਹੁੰਚਦੇ। ਉਨ੍ਹਾਂ ਦੱਸਿਆ ਕਿ ਉਹ ਸਾਲ 1949 ਵਿੱਚ ਭਾਰਤੀ ਫੌਜ ’ਚ ਭਰਤੀ ਹੋ ਗਏ ਅਤੇ ਸਾਲ 1965 ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਲੱਗੀ ਜੰਗ ’ਚ ਹਿੱਸਾ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਾਕਿਸਤਾਨ ਸਥਿਤ ਮਕਾਨ ਵਾਲੀ ਥਾਂ ’ਤੇ ਅੱਜ ਕੱਲ੍ਹ ਕੈਂਸਰ ਹਸਪਤਾਲ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਨ ਅਜੇ ਵੀ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨਾ ਚਾਹੁੰਦਾ ਹੈ ਪਰ ਫੌਜ ’ਚ ਰਹਿਣ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੀ। ਉਨ੍ਹਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਉਸ ਨੂੰ ਆਪਣੀ ਜਨਮ ਭੂਮੀ ਨੂੰ ਵੇਖਣ ਦਾ ਜ਼ਰੂਰ ਮੌਕਾ ਦਿੱਤਾ ਜਾਵੇ।