ਅੰਮ੍ਰਿਤਸਰ: ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸਪੀ ਸਿੰਘ ਓਬਰਾਏ ਵੱਲੋਂ ਸਥਾਨਕ ਈ.ਐੱਮ.ਸੀ.ਹਸਪਤਾਲ ’ਚ ਚੱਲ ਰਹੇ ਟਰੱਸਟ ਦੇ ਡਾਇਲੇਸਿਸ ਕੇਂਦਰ ਦਾ ਵਿਸਥਾਰ ਕਰਦਿਆਂ ਹੁਣ ਐੱਚ.ਆਈ.ਵੀ. ਮਰੀਜ਼ਾਂ ਦੀ ਸਹੂਲਤ ਲਈ ਵੀ ਇੱਕ ਵਿਸ਼ੇਸ਼ ਡਾਇਲੇਸਿਸ ਯੂਨਿਟ ਦੀ ਸਥਾਪਨਾ ਕੀਤੀ ਹੈ। ਡਾਇਲੇਸਿਸ ਯੂਨਿਟ ਦਾ ਉਦਘਾਟਨ ਕਰਨ ਮਗਰੋਂ ਡਾ.ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਪੰਜਾਬ ਅੰਦਰ ਕੁਝ ਮਰੀਜ਼ ਅਜਿਹੇ ਵੀ ਹਨ, ਜੋ ਗੁਰਦੇ ਦੀ ਬਿਮਾਰੀ ਦੇ ਨਾਲ-ਨਾਲ ਐੱਚ.ਆਈ.ਵੀ. ਪਾਜ਼ੇਟਿਵ ਵੀ ਹਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਨੂੰ ਵੇਖਦਿਆਂ ਹੋਏ ਟਰੱਸਟ ਵੱਲੋਂ ਪਹਿਲਾਂ ਪੀਜੀਆਈ ਚੰਡੀਗੜ੍ਹ ਤੇ ਪਟਿਆਲਾ ਅਤੇ ਹੁਣ ਅੰਮ੍ਰਿਤਸਰ ਵਿੱਚ ਐੱਚਆਈ ਵੀ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਡਾਇਲੇਸਿਸ ਯੂਨਿਟ ਸਥਾਪਤ ਕੀਤੇ ਹਨ, ਜਿਸ ਸਦਕਾ ਹੁਣ ਮਰੀਜ਼ ਕੇਵਲ ਨਾ-ਮਾਤਰ ਪੈਸੇ ਖਰਚ ਕੇ ਆਪਣਾ ਡਾਇਲਸਿਸ ਕਰਵਾ ਸਕਣਗੇ। -ਪੱਤਰ ਪ੍ਰੇਰਕ