ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਜੁਲਾਈ
ਈਦ-ਉਲ-ਅਜ਼ਹਾ ਦਾ ਤਿਉਹਾਰ ਅੱਜ ਇੱਥੇ ਮੁਸਲਿਮ ਭਾਈਚਾਰੇ ਵਲੋਂ ਕੋਵਿਡ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਮਨਾਇਆ ਗਿਆ। ਜਲੰਧਰ ਰੋਡ ’ਤੇ ਸਥਿਤ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਮੁਬਾਰਕਵਾਦ ਦਿੱਤੀ। ਇੰਤਜਾਮੀਆ ਜਾਮਾ ਮਸਜਿਦ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਈਦ-ਉਲ-ਅਜਹਾ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।
ਕਾਦੀਆਂ (ਪੱਤਰ ਪ੍ਰੇਰਕ):ਇੱਥੇ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ। ਕਰੋਨਾ ਕਾਰਨ ਲੋਕਾਂ ਨੇ ਘਰਾਂ ਵਿੱਚ ਨਮਾਜ਼ ਅਦਾ ਕੀਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ। ਇੱਸ ਮੌਕੇ ਬੱਕਰੇ ਦੀ ਕੁਰਬਾਨੀ ਦਿੱਤੀ ਗਈ।
ਪਠਾਨਕੋਟ (ਪੱਤਰ ਪ੍ਰੇਰਕ): ਇਥੇ ਅੱਜ ਹੀਰਾ ਮਸਜਿਦ ਵਿੱਚ ਬਕਰੀਦ (ਈਦ ਉੱਲ-ਅਜ਼ਹਾ) ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਹਾਜੀ ਰਾਜੀ ਮਹੰਤ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਸ ਮੌਕੇ ਹੀਰਾ ਮਸਜਿਦ ਦੇ ਮੌਲਵੀ ਮੁਹੰਮਦ ਫੁਰਕਾਨ ਨੇ ਨਮਾਜ਼ ਅਦਾ ਕਰਵਾਈ।
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਅੱਜ ਪਿੰਡ ਪਲਾਹੀ ਦੀ ਮਦੀਨਾ ਮਸਜਿਦ ਵਿੱਖੇ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਈਦ ਦੀ ਨਮਾਜ਼ ਮੌਲਾਣਾ ਨਸੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ। ਸਮਾਗਮ ਦੌਰਾਨ ਐੱਸਪੀ ਸਰਬਜੀਤ ਸਿੰਘ ਵਾਹੀਆ, ਡੀਐੱਸਪੀ ਬਵਨਦੀਪ ਸਿੰਘ, ਡੀਐੱਸਪੀ ਪਰਮਜੀਤ ਸਿੰਘ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਭਾਈਚਾਰੇ ਨੂੰ ਈਦ ਵੀ ਵਧਾਈ ਦਿੱਤੀ।