ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 11 ਸਤੰਬਰ
ਇੱਥੋਂ ਦੀ ਗੀਤਾ ਭਵਨ ਰੋਡ ਸਥਿਤ ਇਲੈਕਟ੍ਰਾਨਿਕ ਦੇ ਥੋਕ ਵਪਾਰੀ ਦੇ ਗੁਦਾਮ ਨੂੰ ਐਤਵਾਰ ਤੜਕਸਾਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਬਿਜਲੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਗੁਦਾਮ ਦੇ ਉੱਪਰ ਸਥਿਤ ਰਿਹਾਇਸ਼ ਵਿੱਚ ਸੁੱਤੇ ਪਏ ਗੁਦਾਮ ਮਾਲਕ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਪਰ ਫੇਰ ਵੀ ਗੁਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਕਮਲੇਸ਼ ਇਲੈਕਟ੍ਰਾਨਿਕਸ ਦੇ ਮਾਲਕ ਰਜਤ ਮਹਾਜਨ ਅਤੇ ਮੁਹੱਲੇ ਦੇ ਕੌਂਸਲਰ ਸਤਿੰਦਰ ਸਿੰਘ ਨੇ ਦੱਸਿਆ ਕਿ ਰਜਤ ਮਹਾਜਨ ਦਾ ਪਰਿਵਾਰ ਹਨੂਮਾਨ ਚੌਕ ਤੇਲੀਆਂ ਵਾਲੀ ਗਲੀ ਵਿੱਚ ਰਹਿੰਦਾ ਹੈ ਅਤੇ ਰਿਹਾਇਸ਼ ਦੇ ਥੱਲੇ ਵੱਡੇ ਹਾਲ ਵਿੱਚ ਉਨ੍ਹਾਂ ਨੇ ਇਲੈਕਟ੍ਰਾਨਿਕਸ ਦਾ ਗੁਦਾਮ ਬਣਾ ਰੱਖਿਆ ਹੈ। ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਗੁਦਾਮ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਮੁਹੱਲਾ ਨਿਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ। ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਮੁਸ਼ੱਕਤ ਕਰਕੇ ਕਾਫ਼ੀ ਹੱਦ ਤੱਕ ਅੱਗ ਤੇ ਕੰਟਰੋਲ ਕੀਤਾ ਅਤੇ ਰਜਨ ਮਹਾਜਨ ਦੇ ਪਰਿਵਾਰ ਨੂੰ ਸੁਰਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਰਜਤ ਮਹਾਜਨ ਨੇ ਦੱਸਿਆ ਕਿ ਉਸ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।