ਨਿੱਜੀ ਪੱਤਰ ਪ੍ਰੇਰਕ
ਬਟਾਲਾ, 17 ਅਗਸਤ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਪ੍ਰਧਾਨ ਵਿਕਰਮ ਦੇਵ ਦੀ ਅਗਵਾਈ ਹੇਠ ਇੱਥੇ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 3442, 7554, 5178 ਭਰਤੀਆਂ ਵਿੱਚੋਂ ਓਡੀਐਲ (ਓਪਨ ਡਿਸਟੈਂਸ ਲਰਨਿੰਗ) ਅਧਿਆਪਕਾਂ ਅਤੇ ਨਾਨ-ਟੀਚਿੰਗ ਦੇ ਲੰਘੇ 11 ਸਾਲਾਂ ਤੋਂ ਲੰਬਿਤ ਮਾਮਲੇ ਹੱਲ ਕਰਦਿਆਂ ਇਨ੍ਹਾਂ ਨੂੰ ਰੈਗੂਲਰ ਆਰਡਰ ਜਲਦ ਜਾਰੀ ਕੀਤੇ ਜਾਣ। ਅਜਿਹਾ ਨਾ ਹੋਣ ’ਤੇ ਯੂਨੀਅਨ ਵੱਲੋਂ ਫ਼ੈਸਲਾਕੁਨ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ। ਫਰੰਟ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਔਜਲਾ ਅਤੇ ਸੰਯੁਕਤ ਸਕੱਤਰ ਕੁਲਵਿੰਦਰ ਸਿੰਘ ਜੋਸਨ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਦੀ ‘ਆਪ ਸਰਕਾਰ’ ਵਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ, ਕਈ ਸਾਲਾਂ ਤੋਂ ਆਰਥਿਕ ਤੇ ਮਾਨਸਿਕ ਤੌਰ ’ਤੇ ਨਪੀੜੇ ਜਾ ਰਹੇ ਅਧਿਆਪਕਾਂ ਦੀ ਹੱਕੀ ਤੇ ਜਾਇਜ਼ ਮੰਗ ਦੀ ਪੂਰਤੀ ਨਹੀਂ ਕੀਤੀ ਜਾ ਰਹੀ। ਇਸ ਮੌਕੇ ਓਡੀਐੱਲ ਅਧਿਆਪਕਾਂ ਨੇ ਜਥੇਬੰਦੀ ਵਲੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਲਈ ਵਿੱਢੇ ਜਾਣ ਵਾਲੇ ਸੰਘਰਸ਼ ਵਿੱਚ ਆਪਣੇ ਪਰਿਵਾਰਾਂ ਸਮੇਤ ਹਿੱਸਾ ਬਣਨ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਸਵਾ ਸੌ ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਹਾਲੇ ਵੀ ਪੈਂਡਿੰਗ ਰੱਖਿਆ ਹੋਇਆ ਹੈ।