ਗੁਰਬਖ਼ਸ਼ਪੁਰੀ
ਤਰਨ ਤਾਰਨ, 14 ਅਗਸਤ
ਨਸ਼ਿਆਂ ਦਾ ਤਿਆਗ ਕਰਨ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਜ਼ਿਲ੍ਹੇ ਦੇ ਕਈ ਕੇਂਦਰ ’ਚ ਇਲਾਜ ਕਰਵਾ ਰਹੇ ਨਸ਼ੇ ਦੀ ਆਦੀ ਵਿਅਕਤੀਆਂ ਨੂੰ ਆਪਣੀ ਖੁਰਾਕ ਲੈਣ ਲਈ ਦੂਰ-ਦੁਰਾਡੇ ਕੇਂਦਰਾਂ ’ਚ ਜਾਣਾ ਪਿਆ| ਹੜਤਾਲ ਕਾਰਨ ਠਰੂ ਦੇ ਕੇਂਦਰ ਤੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਤਰਨ ਤਾਰਨ , ਭੱਗੂਪੁਰ (ਪੱਟੀ) ਦੇ ਮਰੀਜ਼ਾਂ ਨੂੰ ਹਰੀਕੇ ਅਤੇ ਮੀਆਂਵਿੰਡ ਵਾਲੇ ਮਰੀਜ਼ਾਂ ਨੂੰ ਖਡੂਰ ਸਾਹਿਬ ਦੇ ਕੇਂਦਰ ਤੱਕ ਸਫਰ ਕਰਕੇ ਦਵਾਈ ਲੈਣ ਜਾਣ ਲਈ ਮਜਬੂਰ ਹੋਣਾ ਪਿਆ| ਜ਼ਿਲ੍ਹੇ ਵਿੱਚ 14 ਓਟ ਕੇਂਦਰ ਤੇ ਦੋ ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਾਸ ਕੇਂਦਰ ਹਨ ਜਿਥੋਂ 20,000 ਦੇ ਕਰੀਬ ਮਰੀਜ਼ ਦਵਾਈ ਲੈਣ ਲਈ ਰਜਿਸਟਰ ਕੀਤੇ ਹੋਏ ਹਨ| ਇਨ੍ਹਾਂ ਕੇਂਦਰਾਂ ਦੇ ਕਰਮਚਾਰੀ ਬੀਤੇ ਚਾਰ ਦਿਨਾਂ ਤੋਂ ਅੰਦੋਲਨ ਕਰ ਰਹੇ ਹਨ, ਜਿਸ ਤਹਿਤ ਉਨ੍ਹਾਂ ਨੇ ਬੀਤੇ ਤਿੰਨ ਦਿਨ ਤਿੰਨ ਘੰਟਿਆਂ ਲਈ ਨਸ਼ਾ ਛੁਡਾਊ ਕੇਂਦਰ ਬੰਦ ਕਰਕੇ ਰੋਸ ਵਿਖਾਵੇ ਕੀਤੇ ਅਤੇ ਅੱਜ ਪੂਰਾ ਦਿਨ ਸਰਕਾਰ ਖ਼ਿਲਾਫ਼ ਨਾਅਰੇ ਲਾਏ। ਇਸ ਤਹਿਤ ਸਰਕਾਰੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਠਰੂ ਦੇ ਕਰਮਚਾਰੀਆਂ ਨੇ ਅੱਜ ਸਰਕਾਰ ਖਿਲਾਫ਼ ਵਿਖਾਵੇ ਕੀਤੇ ਅਤੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਉਠਾਈ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਠਰੂ ਨੇ ਸਰਕਾਰ ਨੂੰ ਮੰਗਾਂ ਨਾ ਮੰਨੇ ਜਾਣ ’ਤੇ ਭਲਕੇ ਆਜ਼ਾਦੀ ਦਿਵਸ ਨੂੰ ‘ਗੁਲਾਮੀ ਦਿਵਸ’ ਵਜੋਂ ਮਨਾਉਣ ਦਾ ਐਲਾਣ ਕੀਤਾ ਹੋਇਆ ਹੈ| ਜਥੇਬੰਦੀ ਦੇ ਆਗੂ ਕੁਲਬੀਰ ਸਿੰਘ, ਰਾਜਕੰਵਰ ਸਿੰਘ, ਸੁਖਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ|