ਦਿਲਬਾਗ ਸਿੰਘ ਗਿੱਲ
ਅਟਾਰੀ, 8 ਜੁਲਾਈ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧਨੋਏ ਕਲਾਂ ਵਿੱਚ ਵਿਰਾਸਤੀ ਸਥਾਨ ਪੁਲ ਕੰਜਰੀ (ਹੁਣ ਪੁਲ ਮੋਰਾਂ ਸਰਕਾਰ) ਜੋ ਸਰਹੱਦ ਤੋਂ 550 ਗਜ਼ ਦੀ ਦੂਰੀ ਊੱਤੇ ਹੈ ਤੇ ਇਹ ਕਦੇ ਕਿਸੇ ਸਮੇਂ ਵੱਡਾ ਵਪਾਰਕ ਕੇਂਦਰ ਹੁੰਦਾ ਸੀ। ਇਹ ਸਥਾਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦਾ ਸੁਨਹਿਰੀ ਪੰਨਾ ਹੈ ਜੋ 200 ਸਾਲ ਪੁਰਾਣੇ ਇਤਿਹਾਸ ਦਾ ਅੱਜ ਵੀ ਗਵਾਹ ਹੈ। ਪੁਲ ਕੰਜਰੀ ਸਥਾਨ ਨੂੰ ਹੁਣ ਪੁਲ ਮੋਰਾਂ ਸਰਕਾਰ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਇਸ ਸਥਾਨ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜੀਵਨ ਦਾ ਜੋ ਵਕਤ ਇੱਥੇ ਗੁਜ਼ਾਰਿਆ, ਨੂੰ ਉਜਾਗਰ ਕਰਨ ਦੇ ਮੰਤਵ ਨਾਲ ਅਤੇ ਇਸ ਸਥਾਨ ਦਾ ਨਾਂਅ ਪੁਲ ਮੋਰਾਂ (ਪੁਲ ਕੰਜਰੀ) ਕਿਉਂ ਪਿਆ?, ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਵੱਲੋਂ ਬਣਾਈ ਦਸਤਾਵੇਜ਼ੀ ਫ਼ਿਲਮ ਨੂੰ ਪੁਲ ਕੰਜਰੀ ਵਿਰਾਸਤੀ ਸਥਾਨ ’ਤੇ ਰਿਲੀਜ਼ ਕੀਤਾ ਗਿਆ।ਫ਼ਿਲਮ ਨੂੰ ਰਿਲੀਜ਼ ਨੂੰ ਰਿਲੀਜ਼ ਕਰਨ ਦੀ ਰਸਮ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਐੱਸਡੀਐਮ ਅੰਮ੍ਰਿਤਸਰ-2 ਸ਼ਿਵਰਾਜ਼ ਸਿੰਘ ਬੱਲ, ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਅਤੇ ਡੀਆਈਜੀ ਸੀਮਾ ਸੁਰੱਖਿਆ ਬਲ ਭੁਪਿੰਦਰ ਸਿੰਘ ਹਾਜ਼ਰ ਸਨ।ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ।